ਗੁਲਾਮੀ
ਜੇ ਗੁਲਾਮੀ ਦੀ ਇੱਕੋ ਲਫ਼ਜ਼ ਨਾਲ ਵਿਆਖਿਆ ਕਰਨੀ ਹੋਵੇ ਤਾਂ ਉਹ ਲਫ਼ਜ਼ ਹੈ “ਮਜ਼੍ਹਹਬ” ਜਿਸ ਦਾ ਪ੍ਰਚੱਲਤ ਨਾਮ ਹੈ “ਧਰਮ”
ਗੁਲਾਮੀ ਦਾ ਜਨਮਦਾਤਾ ਧਰਮ ਹੈ,
ਧਰਮ ਦਾ ਜਨਮਦਾਤਾ ਚਲਾਕ ਲੋਕਾਂ ਦਾ ਦਿਮਾਗ ਹੈ,
ਜਾ ਇਹ ਕਹਿ ਲਈਏ ਕਿ ਮਜ਼੍ਹਹਬ (ਧਰਮ) ਚਲਾਕ ਲੋਕਾਂ ਦੇ ਦਿਮਾਗ ਦੀ ਉਪਜ ਹੈ,
ਜਿਵੇਂ ਪਸ਼ੂ ਨੂੰ ਸੰਗਲ਼ ਪਾਕੇ ਗੁਲਾਮ ਕੀਤਾ ਜਾਂਦਾ ਹਾਂ ਇਵੇਂ ਹੀ ਕੁਦਰਤ ਵਿੱਚ ਅਜ਼ਾਦ ਪੈਦਾ ਹੋਏ ਮਾਨੁੱਖ ਨੂੰ ਧਰਮ ਦੇ ਨਾਮ ਤੇ ਵੱਖਰੇ ਵੱਖਰੇ ਚਿੰਨ ਪਵਾਕੇ ਵੱਖਰੇ ਵੱਖਰੇ ਰੰਗ ਪਵਾਕੇ ਵੱਖਰੇ ਵੱਖਰੇ ਮੰਤਰਜਾਪ ਦੇਕੇ ਗੁਲਾਮ ਕੀਤਾ ਜਾਂਦਾ ਹੈ,
ਇੱਕ ਬਾਰ ਗੁਲਾਮੀ ਸਵੀਕਾਰ ਕਰ ਚੁੱਕੇ ਪਸ਼ੂ ਨੂੰ ਤੇ ਮਾਨੁੱਖ ਨੂੰ ਮੁੜਕੇ ਅਜ਼ਾਦ ਕਰਨਾ ਮੁਸ਼ਕਲ ਹੀ ਨਹੀਂ ਲਗਭਗ ਨਾ ਮੁਮਕਿਨ ਹੀ ਹੁੰਦਾ ਹੈ,
ਧਾਰਮਿਕ ਗੁਲਾਮੀ ਵਿੱਚ ਫਸੇ ਹੋਏ ਮਾਨੁੱਖ ਨੂੰ ਮੁੜ ਗੁਲਾਮੀ ਵਿੱਚ ਕੱਢਣ ਲਈ ਤੁਹਾਨੂੰ ਪੁੱਤਰਾਂ ਦੀ ਬਗ਼ਾਵਤ ਸਹਿਣੀ ਪੈ ਸਕਦੀ ਹੈ ਤੱਤੀ ਤਵੀ ਤੇ ਬਹਿਣਾ ਪੈ ਸਕਦਾ ਹੈ ਚਾਂਦਨੀ-ਚੌਕ ਵਿੱਚ ਸੀਸ ਕਟਵਾਉਣਾ ਪੈ ਸਕਦਾ ਹੈ ਚਾਰ ਪੁੱਤ ਅੱਖਾਂ ਦੇ ਸਾਹਮਣੇ ਵਾਰਨੇ ਪੈ ਸਕਦੇ ਹਨ ਤੇ ਪੁੱਤਰ ਦਾ ਕਾਲਜਾਂ ਕੱਢਵਾਕੇ ਮੂੰਹ ਵਿੱਚ ਵੀ ਪਾਉਣਾ ਪੈ ਸਕਦਾ ਹੈ,
ਇੰਨੀਆਂ ਕੁਰਬਾਨੀਆਂ ਕਰਨ ਤੋਂ ਬਾਦ ਵੀ ਇਹ ਜ਼ਰੂਰੀ ਨਹੀਂ ਕਿ ਤੁਹਾਨੂੰ ਕਾਮਯਾਬੀ ਮਿਲੇ
ਕਿਉਂਕਿ ਜਿਸ ਸ਼ਾਤਿਰ ਦਿਮਾਗ (ਪੁਜਾਰੀ) ਨੇ ਮਨੁੱਖਤਾ ਨੂੰ ਗੁਲਾਮ ਬਣਾਉਣ ਦਾ ਇਹ ਧੰਦਾ ਸ਼ੁਰੂ ਕੀਤਾ ਹੋਇਆ ਅਕਸਰ ਉਸ ਦੇ ਢਿੱਡ ਦਾ ਸਵਾਲ ਹੈ, ਹੋ ਸਕਦਾ ਉਹ ਤੁਹਾਡੇ ਨਾਮ ਤੇ ਹੀ ਇੱਕ ਵੱਖਰਾ ਧੰਦਾ ਸ਼ੁਰੂ ਕਰ ਦੇਵੇ,
ਫਿਰ ਤੁਸੀਂ ਭਾਵੇਂ ਆਖੀ ਜਾਇਓ ਕਿ ਮੈ ਰੱਬ ਨਹੀਂ ਆਪਾ ਸਾਰੇ ਹੀ ਇੱਕੋ (ੴ) ਹਾਂ
ਪਰ ਉਹ ਸ਼ਾਤਿਰ ਪੁਜਾਰੀ ਤੁਹਾਨੂੰ ਹੀ ਰੱਬ ਆਖੇਗਾ,
ਤੁਸੀ ਭਾਵੇਂ ਆਖੀ ਜਾਇਓ ਕਿ ਮੈ ਗੁਰੂ ਨਹੀਂ ਸਾਰੀ ਮਨੁੱਖਤਾ ਦਾ ਗੁਰੂ ਸਿਰਫ ਗਿਆਨ ਹੈ ਪਰ ਉਹ ਸ਼ਾਤਿਰਤਾ ਦੇ ਨਾਲ ਤੁਹਾਨੂੰ ਹੀ ਗੁਰੂ ਆਖੇਗਾ,
ਕਿਉਂਕਿ ਜਿਨਾਂ ਲੋਕਾਂ ਦੀ ਸੋਚ ਹਥਿਆਰਾਂ ਨਾਲ ਖਤਮ ਨਾ ਹੁੰਦੀ ਹੋਵੇ ਤਾਂ ਪੁਜਾਰੀ ਉਸ ਸੋਚ ਨੂੰ ਪ੍ਰਸੰਸਾ ਦੀ ਤਕਨੀਕ ਨਾਲ ਖਤਮ ਕਰਨੀ ਚੰਗੀ ਤਰਾਂ ਜਾਣਦਾ ਹੈ,
ਵੈਸੇ ਵੀ ਕਿਸੇ ਦੀ ਸੋਚ ਨੂੰ ਖਤਮ ਕਰਨਾ ਹੋਵੇ ਤਾਂ ਪ੍ਰਸੰਸਾ ਨਾਲ਼ੋਂ ਵਧੀਆ ਕੋਈ ਹਥਿਆਰ ਨਹੀਂ ਹੈ,
ਗੁਰੂ ਪਾਤਸ਼ਾਹਾਂ ਅਤੇ ਭਗਤ ਸਾਹਿਬਾਨਾਂ ਦੀ ਜੋ ਜੰਗ ਸੀ ਉਹ ਇਸ ਧਾਰਮਿਕ ਗੁਲਾਮੀ ਦੇ ਹੀ ਵਿਰੁੱਧ ਸੀ,
ਗੁਰੂ ਪਾਤਸ਼ਾਹਾਂ ਨੇ ਮਾਨੁੱਖ ਜਾਤੀ ਨੂੰ ਕਈ ਸਦੀਆਂ ਦੇ ਪਏ ਧਾਰਮਿਕ ਸੰਗਲ਼ ਆਪਣਾ ਖ਼ੂਨ ਡੋਲ ਕੇ ਤੋੜੇ ਸੀ,
ਸ਼ਾਇਦ ਅਸੀਂ (ਸਿੱਖਾਂ ਨੇ) ‘ਹਿੰਦੂ ‘ਮੁਸਲਿਮ ‘ਜੋਗ ਮਤ ‘ਬੋਧੀ ‘ਜੈਨੀ ‘ਇਸਾਈਅਤ ਦੇ ਸੰਗਲ਼ ਤਾਂ ਤੋੜ ਦਿੱਤੇ ਸੀ ਪਰ ਸ਼ਾਤਿਰ ਪੁਜਾਰੀ ਨੇ ਇੱਕ ਵੱਖਰੇ ਧਰਮ ਦੇ ਨਾਮ ਦੇ ਸੰਗਲ਼ਾਂ ਉੱਪਰ ਦਸ ਗੁਰੂ ਪਾਤਸ਼ਾਹਾਂ ਦੇ ਨਾਮ ਅਤੇ ਪ੍ਰਸੰਸਾ ਲਿਖਕੇ ਫਿਰ ਸਾਨੂੰ ਨੂੜ ਲਿਆ ਹੈ,
ਅੱਜ ਫਿਰ ਜੇ ਕੋਈ ਨਾਨਕ ਪਾਤਸ਼ਾਹ ਦਾ ਭਾਈ ਬਣ ਇਸ ਮਜ਼੍ਹਹਬੀ ਸੰਗਲ਼ਾਂ ਨੂੰ ਤੋੜਨ ਦੀ ਗੱਲ ਤੋਰੇਗਾ ਤਾਂ ਅੱਜ ਹਰ ਉਹ ਕੱਤਾ ਜੋ ਦਸ ਪਾਤਸ਼ਾਹਾਂ ਤੇ ਭਗਤ ਸਾਹਿਬਾਨਾਂ ਦੀ ਵਿਚਾਰਧਾਰਾ ਦਾ ਖ਼ੂਨ ਚੂਸਕੇ ਟੁੱਕੜ ਕਮਾ ਰਿਹਾ ਹੈ ਤੁਹਾਡੇ ਉੱਤੇ ਹੀ ਭੌਂਕੇਗਾ,
ਅੱਜ ਫੇਰ ਤੁਹਾਡੇ ਤੇ ਸ਼ਬੀਲਾਂ ਲੱਗਣਗੀਆਂ ਅੱਜ ਫੇਰ ਤੁਹਾਡੀ ਗੱਡੀ ਵਿੱਚ ਗੱਡੀ ਮਾਰਕੇ ਛੇ ਛੇ ਜਾਣੇ ਮੂੰਹ ਬੰਨਕੇ ਨਿਹੱਥੇ ਤੇ ਬਾਰ ਕਰਕੇ ਸੈਂਕੜੇ ਟੱਕ ਤੁਹਾਡੇ ਸਰੀਰ ਤੇ ਮਾਰਨਗੇ,
ਇਹ ਕੰਮ ਧਰਮ ਦੇ ਨਾਮ ਤੇ ਪੈਸੇ ਕਮਾਉਂਣ ਵਾਲਾ ਨਹੀਂ ਕਰੇਗਾ ਸਗੋਂ ਧਰਮ ਦੇ ਨਾਮ ਤੇ ਪੈਸੇ ਲੁਟਾਉਣ ਵਾਲੇ ਗੁਲਾਮਾਂ ਤੋਂ ਕਰਵਾਇਆ ਜਾਵੇਗਾ,
ਇਸ ਲਈ
ਸੋਚ ਸਮਝਕੇ ਭਰਿਓ ਹਾਮੀ ਨਾਨਕ ਦੀ
ਤੱਤੀ ਤਵੀ ਨਾ ਵੇਂਹਦੀ ਬੰਦਾ ਸੱਚਾ ਏ
Copy to Facebook :- ਸਤਿਨਾਮ ਸਿੰਘ ਮੌਂਟਰੀਅਲ
टिप्पणियाँ
एक टिप्पणी भेजें