सीधे मुख्य सामग्री पर जाएं

ਕਲਗੀ ਦਾ ਰੌਲ਼ਾ ਕੀ ਹੈ ?

#ਕਲਗੀ ਦਾ ਰੌਲ਼ਾ ਕੀ ਹੈ ? ਗੁਰੂ ਸਾਹਿਬ ਦੀ ਕਲਗੀ ਅੱਜ ਵੀ ਸਾਨੂੰ ਉਡੀਕ ਰਹੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿੱਚ ਇੱਕ ਸ਼ਬਦ ਆਉਂਦਾ ਹੈ : ਜਿਨਕੀ ਜਾਤ ਔਰ ਕੁਲ ਮਾਹੀ। ਸਰਦਾਰੀ ਨਹਿ ਭਈ ਕਦਾਹੀਂ। ਤਿਨਹੀਂ ਕੋ ਸਰਦਾਰ ਬਨਾਊਂ। ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਇਸ ਸ਼ਬਦ ਰਾਹੀਂ ਗੁਰੂ ਸਾਹਿਬ ਆਪਣੀ ਜ਼ਿੰਦਗੀ ਦਾ ਮਕਸਦ ਦੱਸਦੇ ਹੋਏ ਐਲਾਨ ਕਰਦੇ ਹਨ ਕਿ ਮੇਰੀ ਜ਼ਿੰਦਗੀ ਦਾ ਟੀਚਾ ਨੀਵੇਂ ਕਹੇ ਜਾਣ ਵਾਲੇ ਲੋਕਾਂ ਦੇ ਸਿਰ ਉੱਪਰ ਤਾਜ ਸਜਾਉਣਾ ਹੈ। ਜਿੰਨ੍ਹਾਂ ਲੋਕਾਂ ਦੀ ਜਾਤ ਅਤੇ ਕੁਲ਼ ਵਿੱਚ ਕਦੇ ਸਰਦਾਰੀ ਨਹੀਂ ਆਈ, ਮੈਂ ਉਹਨਾਂ ਲੋਕਾਂ ਨੂੰ ਹੀ ਸਰਦਾਰ ਬਣਾਉਣ ਆਇਆ ਹਾਂ। ਗੁਰੂ ਸਾਹਿਬ ਕਹਿੰਦੇ ਹਨ ਕਿ ਜੇ ਮੈਂ ਐਸਾ ਕਰ ਸਕਿਆ ਤਾਂ ਹੀ ਮੈਂ ਆਪਣੀ ਜ਼ਿੰਦਗੀ ਨੂੰ ਸਫਲ ਮੰਨਾਂਗਾ।
ਗੁਰੂ ਗੋਬਿੰਦ ਸਿੰਘ ਜੀ ਸਮੇਤ ਸਾਰੇ ਮਹਾਂਪੁਰਸ਼ ਇਹੋ ਕੁੱਝ ਚਾਹੁੰਦੇ ਸਨ। ਉਹਨਾਂ ਦੀ ਬਾਣੀ ਇਸ ਸਭ ਬਾਰੇ ਸਾਨੂੰ ਜਾਣਕਾਰੀ ਦਿੰਦੀ ਹੈ। ਭਾਵੇਂ ਅਸੀਂ ਕਾਫੀ ਹੱਦ ਤੱਕ ਤਰੱਕੀ ਕੀਤੀ ਹੈ ਪਰ ਉਹਨਾਂ ਦਾ ਸਹੀ ਮਕਸਦ ਅਜੇ ਵੀ ਪੂਰਾ ਨਹੀਂ ਹੋ ਸਕਿਆ। ਇਸ ਮਕਸਦ ਨੂੰ ਪੂਰਾ ਕਰਨ ਲਈ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਸਾਰੀ ਜ਼ਿੰਦਗੀ ਸੰਘਰਸ਼ ਕੀਤਾ। ਇਸੇ ਮਕਸਦ ਲਈ ਹੀ ਬਸਪਾ ਦੇ ਬਾਨੀ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਆਪਣੀ ਜ਼ਿੰਦਗੀ ਦਾ ਪਲ ਪਲ ਲਗਾ ਦਿੱਤਾ। ਸਾਹਿਬ ਕਾਂਸ਼ੀ ਰਾਮ ਜੀ ਤਾਂ ਪਾਰਲੀਮੈਂਟ ਵਿੱਚ ਖੜ੍ਹ ਕੇ ਕਹਿੰਦੇ ਹਨ ਕਿ ਸਾਡਾ ਚੋਣ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬ ਹੈ। ਸਾਹਿਬ ਕਾਂਸ਼ੀ ਰਾਮ ਜੀ ਪੂਰੇ ਚਾਰ ਦਹਾਕੇ ਆਪਣੇ ਮਕਸਦ ਨੂੰ ਪੂਰਾ ਕਰਨ ਵਿੱਚ ਲੱਗੇ ਰਹੇ। ਉਹਨਾਂ ਨੇ ਆਪਣੇ ਆਖਰੀ ਸਮੇਂ ਲਗਾਤਾਰ ਇੱਕ ਸਾਲ ਤੱਕ ਪੂਰੇ ਪੰਜਾਬ ਵਿੱਚ ਘੁੰਮ ਘੁੰਮ ਕੇ ਸਰਕਾਰ ਬਣਾਉਣ ਅਤੇ ਦੇਸ਼ ਦੇ ਅਸਲੀ ਵਾਰਸਾਂ ਦੇ ਸਿਰ ਤਾਜ ਸਜਾਉਣ ਦੀ ਵਾਹ ਲਾਈ। ਪਰ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਉਹਨਾਂ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ। ਸਾਹਿਬ ਕਾਂਸ਼ੀ ਰਾਮ ਜੀ, ਬਾਬਾ ਸਾਹਿਬ ਅੰਬੇਡਕਰ, ਗੁਰੂ ਗੋਬਿੰਦ ਸਿੰਘ ਜੀ ਅਤੇ ਹੋਰ ਮਹਾਂਪੁਰਸ਼ਾਂ ਦਾ ਸੁਪਨਾ ਪੂਰਾ ਹੋਣ ਵਿੱਚ ਅਨੇਕਾਂ ਅੜਿੱਕੇ ਹੋ ਸਕਦੇ ਹਨ। ਪਰ ਮੈਨੂੰ ਲੱਗਦਾ ਹੈ ਕਿ ਅਸੀਂ ਖੁਦ ਵੀ ਇਸ ਵਿੱਚ ਅੜਿੱਕਾ ਬਣਦੇ ਆ ਰਹੇ ਹਾਂ। ਇਹ ਗੱਲ ਤਾਂ ਸਾਫ ਹੈ ਕਿ ਸਾਡੇ ਦੁਸ਼ਮਣ ਨੇ ਸਾਨੂੰ ਅਕਲ ਨਹੀਂ ਆਉਣ ਦਿੱਤੀ ਤਾਂ ਜੋ ਅਸੀਂ ਉਸਤੋਂ ਰਾਜ ਭਾਗ ਨਾ ਖੋਹ ਲਈਏ। ਪਰ ਜਿੰਨੀ ਕੁ ਅਸੀਂ ਵਿੱਦਿਆ ਹਾਸਲ ਕੀਤੀ ਜਾਂ ਗਿਆਨ ਹਾਸਲ ਕੀਤਾ ਅਸੀਂ ਉਸਦੀ ਵਰਤੋਂ ਵੀ ਠੀਕ ਢੰਗ ਨਾਲ਼ ਨਹੀਂ ਕਰ ਸਕੇ। ਸਾਡਾ ਕੋਈ ਭਰਾ ਨੀਲੇ ਕਾਰਡਾਂ 'ਤੇ ਮਿਲਦੀ ਪ੍ਰਤੀ ਮਹੀਨਾ ਪੰਜ ਕਿਲੋ ਕਣਕ ਨਾਲ ਖੁਸ਼ ਹੋ ਗਿਆ। ਕੋਈ ਨਰੇਗਾ ਦਾ ਜੌਬ ਕਾਰਡ ਲੈ ਕੇ ਖੁਸ਼ ਹੋ ਗਿਆ। ਕੋਈ ਇਹੋ ਜਿਹਾ ਹੋਰ ਛੋਟਾ ਜਿਹਾ ਫਾਇਦਾ ਲੈ ਕੇ ਖੁਸ਼ ਹੋ ਗਿਆ। ਰਾਜ ਭਾਗ ਬਾਰੇ ਅਸੀਂ ਸੋਚਦੇ ਹੀ ਨਹੀਂ। ਜੇ ਕੋਈ ਸੂਝਵਾਨ ਵਿਅਕਤੀ ਰਾਜ ਭਾਗ ਲੈਣ ਦੀ ਗੱਲ ਕਰਦਾ ਹੈ ਤਾਂ ਅਸੀਂ ਸ਼ਰੀਕ ਮੰਨਦੇ ਹੋਏ ਉਸਦਾ ਸਾਥ ਦੇਣ ਦੀ ਬਜਾਏ ਆਪਣੇ ਕੱਟੜ ਨਾਲ ਖੜ੍ਹ ਕੇ ਵੀ ਮਾਣ ਮਹਿਸੂਸ ਕਰਦੇ ਹਾਂ। ਪਿੱਛੇ ਜਿਹੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ। ਸਾਡੇ ਕੁਛ ਭਰਾਵਾਂ ਨੇ ਅਸਮਾਨ ਸਿਰ 'ਤੇ ਚੁੱਕ ਲਿਆ ਅਖੇ ਗੁਰੂ ਸਾਹਿਬ ਦੇ ਸਿਰ 'ਤੇ ਪੱਗ ਬੰਨ੍ਹ ਕੇ ਉਹਨਾਂ ਦੇ ਸਰੂਪ ਨਾਲ ਛੇੜਛਾੜ ਕੀਤੀ ਗਈ ਹੈ। ਜੇ ਕੋਈ ਉਹਨਾਂ ਨੂੰ ਭਗਤ ਕਹਿ ਦੇਵੇ ਤਾਂ ਵੀ ਸਾਡਾ ਪਾਰਾ ਸੱਤਵੇਂ ਅਸਮਾਨ 'ਤੇ ਚੜ੍ਹ ਜਾਂਦਾ ਹੈ। ਜੇ ਤਾਂ ਭਾਈ ਰਣਜੀਤ ਸਿੰਘ ਨੇ ਗੁਰੂ ਸਾਹਿਬ ਦੇ ਸੰਘਰਸ਼ ਦੇ ਮਕਸਦ ਨੂੰ ਜਾਂ ਉਹਨਾਂ ਬਾਣੀ ਦੇ ਅਰਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੁੰਦਾ ਫੇਰ ਤਾਂ ਗੁੱਸਾ ਜਾਇਜ਼ ਸੀ। ਪਰ ਛੋਟੀਆਂ ਮੋਟੀਆਂ ਗੱਲਾਂ ਨੂੰ ਅਧਾਰ ਬਣਾ ਕੇ ਗੁੱਸਾ ਦਿਖਾਉਣ ਨੂੰ ਅਕਲਮੰਦੀ ਨਹੀਂ ਕਿਹਾ ਜਾ ਸਕਦਾ। ਪਿਛਲੇ ਦਿਨੀਂ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਬੋਲਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਾਬਾ ਸੰਗਤ ਸਿੰਘ ਦੇ ਸਿਰ ਉੱਪਰ ਕਲਗੀ ਸਜਾਉਣ ਬਾਰੇ ਕਿਹਾ ਸੀ। ਉਹਨਾਂ ਦੀ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ਉੱਪਰ ਇਸ 'ਤੇ ਵਿਵਾਦ ਹੁੰਦਾ ਨਜਰ ਆ ਰਿਹਾ ਹੈ। ਗੜ੍ਹੀ ਜੀ ਵੱਲੋਂ ਜੋ ਕਿਹਾ ਗਿਆ ਉਸ ਦੇ ਪਿੱਛੇ ਦੀ ਭਾਵਨਾ ਨੂੰ ਸਮਝਣਾ ਜ਼ਰੂਰੀ ਹੈ। ਉਹਨਾਂ ਦੇ ਕਹਿਣ ਦਾ ਮਤਲਬ ਸੀ ਕਿ ਗੁਰੂ ਸਾਹਿਬ ਨੇ ਸਾਡੇ ਪੁਰਖਿਆਂ ਦੇ ਸਿਰ ਉੱਪਰ ਕਲਗੀ ਸਜਾਈ। ਇਹ ਗੱਲ ਸੱਚ ਹੈ ਕਿ ਅਸੀਂ ਆਪਣਾ ਇਤਿਹਾਸ ਆਪ ਨਹੀਂ ਲਿਖਿਆ। ਇਤਿਹਾਸਕਾਰ ਉਹ ਲੋਕ ਸਨ ਜਿਹੜੇ ਸਦਾ ਹੀ ਸਾਡੇ ਵਿਰੋਧੀ ਰਹੇ। ਇਸ ਕਰਕੇ ਉਹਨਾਂ ਦੁਆਰਾ ਇਤਿਹਾਸ ਵਿੱਚ ਬਹੁਤ ਜ਼ਿਆਦਾ ਭੰਨ ਤੋੜ ਕੀਤੀ ਗਈ ਹੈ। ਭਾਵੇਂ ਹੁਣ ਸਾਡੇ ਭਰਾਵਾਂ ਨੇ ਆਪਣੇ ਹੱਥਾਂ ਨਾਲ ਸਹੀ ਇਤਿਹਾਸ ਲਿਖਣਾ ਸ਼ੁਰੂ ਕੀਤਾ ਹੈ ਪਰ ਅਸਲੀ ਇਤਿਹਾਸ ਲੋਕਾਂ ਦੇ ਸਾਹਮਣੇ ਆਉਣ ਵਿੱਚ ਕੁੱਝ ਸਮਾਂ ਲੱਗਦਾ ਹੈ। ਜੇ ਕਿਸੇ ਨੂੰ ਇਤਿਹਾਸ ਦੀ ਕਿਸੇ ਖਾਸ ਤੰਦ ਦਾ ਪੂਰਾ ਪਤਾ ਨਹੀਂ ਲੱਗਿਆ ਪਰ ਉਸਦੀ ਭਾਵਨਾ ਗਲਤ ਨਹੀਂ ਤਾਂ ਉਸ ਨੂੰ ਭੰਡਣਾ ਜਾਇਜ਼ ਨਹੀਂ। ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਉਸਨੂੰ ਸਚਾਈ ਤੋਂ ਜਾਣੂ ਕਰਵਾਈਏ। ਜੇ ਉਹ ਫੇਰ ਵੀ ਨਹੀਂ ਸਮਝਦਾ ਤਾਂ ਹੀ ਉਸਨੂੰ ਗਲਤ ਕਿਹਾ ਜਾ ਸਕਦਾ ਹੈ। ਦੂਜੀ ਗੱਲ ਕੁੱਝ ਲਿਖਾਰੀ ਭਾਈ ਸੰਗਤ ਸਿੰਘ ਨੂੰ ਰਵਿਦਾਸੀਆ ਭਾਈਚਾਰੇ ਵਿੱਚੋਂ ਦੱਸਦੇ ਹਨ ਅਤੇ ਕੁੱਝ ਉਹਨਾਂ ਨੂੰ ਬਾਬਾ ਜੀਵਨ ਸਿੰਘ ਦੇ ਭਰਾ ਦੱਸਦੇ ਹਨ। ਗੜ੍ਹੀ ਸਾਹਿਬ ਨੇ ਭਾਈ ਸੰਗਤ ਸਿੰਘ ਦਾ ਨਾਮ ਲਿਆ ਹੈ, ਉਹਨਾਂ ਦੀ ਜਾਤੀ ਬਾਰੇ ਕੁੱਝ ਨਹੀਂ ਬੋਲਿਆ। ਜੇ ਕਿਹਾ ਹੁੰਦਾ ਕਿ ਉਹ ਰਵਿਦਾਸੀਆ ਸੀ ਤਾਂ ਵੀ ਗੁੱਸਾ ਕਰਨਾ ਜਾਇਜ਼ ਨਹੀਂ ਕਿਉਂਕਿ ਇਹ ਗੁੱਸੇ ਦਾ ਮਾਮਲਾ ਨਹੀਂ ਬਲਕਿ ਸਮਝਣ ਸਮਝਾਉਣ ਦਾ ਮਾਮਲਾ ਹੈ। ਮੈਂ ਕੁੱਝ ਮਹੀਨੇ ਪਹਿਲਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕੁੱਝ ਕਿਤਾਬਾਂ ਮੰਗਵਾਈਆਂ ਹਨ। ਇਹਨਾਂ ਕਿਤਾਬਾਂ ਵਿੱਚ ਇੱਕ ਛੋਟੀ ਜਿਹੀ ਕਿਤਾਬ ਹੈ "ਸਾਕਾ ਚਮਕੌਰ ਸਚਿੱਤ੍ਰ ਸਾਖੀ"। 2015 ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਇਸ ਕਿਤਾਬ ਵਿੱਚ ਭਾਈ ਸੰਗਤ ਸਿੰਘ ਨੂੰ ਕਲਗੀ ਦਿੱਤੇ ਜਾਣ ਦਾ ਜ਼ਿਕਰ ਹੈ। ਮੈਂ ਤਾਂ ਰੰਘਰੇਟਿਆਂ ਦਾ ਇਤਿਹਾਸ ਅਤੇ ਮਜ੍ਹਬੀ ਸਿੱਖਾਂ ਦਾ ਇਤਿਹਾਸ ਨਾਮਕ ਪੁਸਤਕਾਂ ਪੜ੍ਹ ਚੁੱਕਾ ਹਾਂ। ਇਸ ਕਰਕੇ ਮੈਨੂੰ ਕੁੱਝ ਕੁ ਜਾਣਕਾਰੀ ਹੈ। ਪਰ ਬਾਕੀਆਂ ਨੂੰ ਅਜੇ ਵੀ ਇਸ ਬਾਰੇ ਪੂਰੀ ਜਾਣਕਾਰੀ ਨਹੀਂ। ਇਹ ਗਲਤੀ ਮਜ੍ਹਬੀ ਸਿੱਖਾਂ ਦੀ ਵੀ ਨਹੀਂ ਕਿਉਂਕਿ ਉਨ੍ਹਾਂ ਕੋਲ ਜਿੰਨੇ ਕੁ ਸਾਧਨ ਹਨ ਉਸ ਮੁਤਾਬਕ ਉਹ ਵਾਹ ਲਾ ਰਹੇ ਹਨ। ਪਰ ਸਾਡੇ ਭਰਾਵਾਂ ਨੂੰ ਇਸ ਗੱਲ ਦਾ ਚੇਤਾ ਰੱਖਣਾ ਚਾਹੀਦਾ ਹੈ ਕਿ ਸਰਕਾਰਾਂ ਕਦੇ ਵੀ ਗੁਲਾਮ ਬਣ ਚੁੱਕੀਆਂ ਕੌਮਾਂ ਦਾ ਸਹੀ ਇਤਿਹਾਸ ਸਾਹਮਣੇ ਨਹੀਂ ਲਿਆਉਂਦੀਆਂ। ਨਾ ਹੀ ਇਹ ਖੁਦ ਬ ਖੁਦ ਸਾਹਮਣੇ ਆਉਂਦਾ ਹੈ। ਨਾ ਹੀ ਇਸਨੂੰ ਧੱਕੇ ਨਾਲ ਮਨਾਇਆ ਜਾ ਸਕਦਾ ਹੈ। ਇਸਨੂੰ ਕੋਸ਼ਿਸ਼ਾਂ ਕਰਕੇ ਸਾਹਮਣੇ ਲਿਆਉਣਾ ਪੈਂਦਾ ਹੈ। ਆਪਣੀ ਗੱਲ ਮੰਨਵਾਉਣ ਦੇ ਦੋ ਰਸਤੇ ਹੁੰਦੇ ਹਨ। ਪਿਆਰ ਨਾਲ ਅਤੇ ਤਾਕਤ ਨਾਲ। ਆਪਣਿਆਂ ਨੂੰ ਅਤੇ ਆਪਣੇ ਹਮਾਇਤੀਆਂ ਨੂੰ ਕਦੇ ਤਾਕਤ ਨਹੀਂ ਦਿਖਾਈਦੀ ਅਤੇ ਵਿਰੋਧੀ ਸਾਹਮਣੇ ਕਮਜ਼ੋਰੀ ਨਹੀਂ ਦਿਖਾਈ ਜਾਂਦੀ। ਹੁਣ ਮੇਰੇ ਭਰਾ ਸੋਚਣ ਕਿ ਤੁਸੀਂ ਕਿਸਨੂੰ ਕਿਵੇਂ ਸਮਝਾ ਰਹੇ ਹੋ। ਜਸਵੀਰ ਸਿੰਘ ਗੜ੍ਹੀ ਤੁਹਾਡਾ ਭਰਾ ਹੈ, ਦੁਸ਼ਮਣ ਨਹੀਂ। ਆਪਣੇ ਸਮਾਜ ਦੇ ਸਿਰ ਉੱਪਰ ਤਾਜ ਦੇਖਣ ਲਈ ਉਸਨੇ ਆਪਣੀ ਸਰਕਾਰੀ ਨੌਕਰੀ ਨੂੰ ਠੋਕਰ ਮਾਰੀ ਹੈ। ਬੁਰਾ ਭਲਾ ਉਸਨੂੰ ਬੋਲੀਦਾ ਹੈ ਜਿਹੜਾ ਵਿਅਕਤੀ ਤੁਹਾਡੇ ਤਾਜ ਨੂੰ ਹੱਥ ਪਾ ਰਿਹਾ ਹੋਵੇ। ਜੇ ਅੱਜ ਅਕਾਲੀ ਦਲ ਵੱਲੋਂ ਦਲਿਤ ਵਰਗ ਨੂੰ ਡਿਪਟੀ ਮੁੱਖ ਮੰਤਰੀ ਅਤੇ ਭਾਜਪਾ ਵੱਲੋਂ ਮੁੱਖ ਮੰਤਰੀ ਬਣਾਉਣ ਦੇ ਬਿਆਨ ਆਏ ਹਨ ਤਾਂ ਇਸ ਪਿੱਛੇ ਜਸਵੀਰ ਸਿੰਘ ਗੜ੍ਹੀ ਦੀ ਦਿਨ ਰਾਤ ਦੀ ਲਗਾਤਾਰ ਮਿਹਨਤ ਹੈ। ਅਸੀਂ ਜਾਣਦੇ ਹਾਂ ਕਿ ਕਿਸੇ ਪਾਰਟੀ ਦੇ ਐਸਸੀ ਨੂੰ ਮੁੱਖ ਮੰਤਰੀ ਬਣਾਉਣ ਦਾ ਵੀ ਉਨਾਂ ਹੀ ਫਾਇਦਾ ਹੋਵੇਗਾ ਜਿੰਨਾ ਕਿ ਰਾਮਨਾਥ ਕੋਵਿੰਦ ਨੂੰ ਰਾਸ਼ਟਰਪਤੀ ਬਣਾਉਣ ਨਾਲ ਹੋਇਆ ਹੈ। ਪਰ ਪਾਰਟੀਆਂ ਇਸ ਤਰ੍ਹਾਂ ਦੇ ਐਲਾਨ ਕਰਨ ਲਈ ਮਜ਼ਬੂਰ ਹੋਈਆਂ ਇਸ ਪਿੱਛੇ ਜਸਵੀਰ ਸਿੰਘ ਗੜ੍ਹੀ ਦਾ ਕਾਫੀ ਹੱਦ ਤੱਕ ਯੋਗਦਾਨ ਹੈ। ਦੂਜੀ ਗੱਲ ਅਸੀਂ ਜਿਹੜੀ ਕਲਗੀ ਪਿੱਛੇ ਇੱਕ ਦੂਜੇ ਨਾਲ ਲੜ ਰਹੇ ਹਾਂ ਕੀ ਉਹ ਅੱਜ ਵੀ ਸਾਡੇ ਪੁਰਖਿਆਂ ਦੇ ਸਿਰ 'ਤੇ ਹੈ ? ਜੋ ਗੁਰੂ ਸਾਹਿਬ ਦੀ ਕਲਗੀ ਸੀ ਉਸਨੂੰ 1850 ਵਿੱਚ ਭਾਰਤ ਦੇ ਵਾਇਸਰਾਏ ਲਾਰਡ ਡਲਹੌਜ਼ੀ ਆਪਣੇ ਨਾਲ ਲੈ ਗਏ ਸਨ। ਕਾਫੀ ਸਮਾਂ ਇਹ ਕਲਗੀ ਉਹਨਾਂ ਦੇ ਪਰਿਵਾਰ ਕੋਲ ਰਹੀ। ਫਿਰ ਇਹ ਲੰਦਨ ਮਿਊਜ਼ੀਅਮ ਵਿੱਚ ਵੀ ਰਹੀ। ਕਾਫੀ ਜੱਦੋਜਹਿਦ ਦੇ ਬਾਅਦ 2009 ਵਿੱਚ ਇਸ ਕਲਗੀ ਨੂੰ ਵਾਪਸ ਲਿਆਂਦਾ ਗਿਆ। ਭਾਵੇਂ ਇਸ ਕਲਗੀ ਨੂੰ ਵਾਪਿਸ ਲੈ ਆਂਦਾ ਗਿਆ ਹੈ ਪਰ ਅਜੇ ਕਲਗੀ ਸਾਡੇ ਸਿਰਾਂ ਉੱਪਰ ਸਜਣੀ ਬਾਕੀ ਹੈ। ਅਜੇ ਤਾਂ ਸਾਡੀਆਂ ਧੀਆਂ ਭੈਣਾਂ ਦੇ ਸਿਰਾਂ ਉੱਪਰ ਕੱਖਾਂ ਦੀਆਂ ਪੰਡਾਂ, ਗੋਹੇ, ਮੁਤਰਾਲ਼ ਅਤੇ ਨਰੇਗਾ ਦੀ ਸਕੀਮ ਅਧੀਨ ਟੋਭਿਆਂ ਦੇ ਗੰਦ ਦੇ ਟੋਕਰੇ ਹਨ। ਸਾਡਾ ਸਮਾਜ ਸਿਰਾਂ ਉੱਪਰ ਕਲਗੀ ਚਾਹੁੰਦਾ ਹੈ। ਪਰ ਕਲਗੀ ਵਾਸਤੇ ਪਹਿਲਾਂ ਆਪਣੀ ਭਾਈਚਾਰਕ ਸਾਂਝ ਮਜ਼ਬੂਤ ਬਣਾਉਣੀ ਪੈਣੀ ਹੈ। ਇਸ ਲਈ ਮੇਰੇ ਭਰਾਵਾਂ ਨੂੰ ਬੇਨਤੀ ਹੈ ਕਿ ਕਿਸੇ ਵੀ ਵਿਅਕਤੀ ਖਿਲਾਫ ਕੋਈ ਟਿੱਪਣੀ ਕਰਨ ਤੋਂ ਪਹਿਲਾਂ ਉਸ ਬੋਲਣ ਵਾਲੇ ਦੇ ਮਨ ਨੂੰ ਪੜ੍ਹਿਆ ਕਰੋ। ਕਿਤੇ ਇਹ ਨਾ ਹੋਵੇ ਕਿ ਅਸੀਂ ਆਪਣੇ ਸਮਾਜ ਨੂੰ ਹੀ ਤੋੜਨ ਵਿੱਚ ਭਾਈਵਾਲ ਬਣ ਕੇ ਆਪਣੇ ਪੁਰਖਿਆਂ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦੇਈਏ। ਕੁਰਬਾਨੀਆਂ ਕਰਨ ਵਾਲੇ ਬਹੁਜਨ ਸਮਾਜ ਦੇ ਲੋਕਾਂ ਦੀ ਅਬਾਦੀ ਰਾਜ ਸੱਤਾ 'ਤੇ ਕਾਬਜ਼ ਲੋਕਾਂ ਨਾਲੋਂ ਕਿਤੇ ਜਿਆਦਾ ਹੈ ਪਰ ਫਿਰ ਵੀ ਇਹ ਰਾਜ ਕਰਨ ਦੇ ਕਾਬਲ ਨਹੀਂ ਬਣ ਸਕੇ। ਇਸਦਾ ਕਾਰਨ ਇਹੋ ਹੈ ਕਿ ਅਸੀਂ ਬਹੁਤੀ ਵਾਰ ਆਪਣਿਆਂ ਨੂੰ ਆਪਣੇ ਦੁਸ਼ਮਣ ਮੰਨ ਬੈਠਦੇ ਹਾਂ। ਹੁਣ ਜਦੋਂ 2022 ਦੀ ਵਿਧਾਨ ਸਭਾ ਚੋਣ ਸਿਰ 'ਤੇ ਆ ਗਈ ਹੈ ਤਾਂ ਸਾਨੂੰ ਆਪਣੇ ਵਤੀਰੇ ਨੂੰ ਬਦਲਣਾ ਚਾਹੀਦਾ ਹੈ। ਸਮਾਂ ਬਹੁਤ ਨਾਜੁਕ ਹੈ ਜੋ ਸਾਨੂੰ ਸਿੱਧੇ ਅਤੇ ਸਾਫ਼ ਸ਼ਬਦਾਂ 'ਚ ਇਹ ਆਖ ਰਿਹਾ ਹੈ ਕਿ ਤੁਸੀਂ ਆਪਣਾ ਭਾਈਚਾਰਾ ਕਾਇਮ ਕਰੋ। ਫੈਸਲਾ ਸਾਡੇ ਆਪਣੇ ਹੱਥਾਂ ਵਿੱਚ ਹੈ। ਇੱਕਜੁੱਟ ਹੋ ਕੇ ਰਾਜ ਭਾਗ ਲੈਣਾ ਜਾਂ ਵੱਖਰੇ ਵੱਖਰੇ ਹੋ ਕੇ ਦੁਸ਼ਮਣ ਨੂੰ ਕਾਮਯਾਬ ਕਰਨਾ ਹੈ। ਭਾਰਤ ਦਾ ਸੰਵਿਧਾਨ ਬਚਾਉਣਾ ਜਾਂ ਮਨੂੰ ਸਿਮਰਤੀ ਲਾਗੂ ਕਰਵਾਉਣੀ ਹੈ। ਸਮਝਦਾਰੀ ਦਿਖਾਵਾਂਗੇ ਤਾਂ ਆਜ਼ਾਦੀ ਵੱਟ 'ਤੇ ਪਈ ਹੈ, ਨਹੀਂ ਤਾਂ ਗੁਲਾਮ ਬਣਨ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ। ਗੁਰੂ ਗੋਬਿੰਦ ਸਿੰਘ ਜੀ ਕਲਗੀ ਹੱਥ ਵਿੱਚ ਫੜੀ ਖੜ੍ਹੇ ਹੋਣ ਅਤੇ ਅਸੀਂ ਆਪਸ ਵਿੱਚ ਲੜ ਰਹੇ ਹੋਈਏ, ਫਿਰ ਅਸੀਂ ਬਿਲਕੁਲ ਵੀ ਕਲਗੀ ਦੇ ਹੱਕਦਾਰ ਨਹੀਂ। ਜਿਹੜਾ ਕਲਗੀ ਦਾ ਹੱਕਦਾਰ ਹੋਇਆ ਉਹ ਕਲਗੀ ਲੈ ਜਾਵੇਗਾ। #ਦਰਸ਼ਨ ਸਿੰਘ ਬਾਜਵਾ

टिप्पणियाँ