सीधे मुख्य सामग्री पर जाएं

ਗਾਂਧੀ ਨਹੀਂ ਅੰਬੇਡਕਰ ਜੀ ਸਨ ਭਾਰਤੀ ਰਾਜਨੀਤੀ ਦੇ ਅਸਲੀ ਹੀਰੋ।

ਗਾਂਧੀ ਨਹੀਂ, ਅੰਬੇਡਕਰ ਹਨ ਭਾਰਤੀ ਰਾਜਨੀਤੀ ਦੇ ਮਹਾਨਾਇਕ ਮੋਹਨ ਦਾਸ ਕਰਮ ਚੰਦ ਗਾਂਧੀ ਨੂੰ ਬੇਸ਼ੱਕ ਭਾਰਤ ਦੇ ਰਾਸ਼ਟਰਪਿਤਾ ਵਜੋਂ ਪੇਸ਼ ਕੀਤਾ ਜਾਂਦਾ ਰਿਹਾ ਹੋਵੇ ਅਤੇ 20ਵੀਂ ਸਦੀ ਦੀ ਦੁਨੀਆਂ ਦੇ ਸਭ ਤੋਂ ਵੱਡੇ ਚੇਹਰੇ ਵਿਚੋਂ ਗਿਣਿਆ ਜਾਂਦਾ ਹੋਵੇ, ਪਰ 21ਵੀਂ ਸਦੀ ਵਿਚ ਵੀ ਭਾਰਤੀ ਰਾਜਨੀਤੀ ਦੇ ਮਹਾਨਾਇਕ ਸੰਵਿਧਾਨ ਨਿਰਮਾਤਾ, ਸ਼ੋਸ਼ਿਤ ਸਮਾਜ ਦੇ ਮਸੀਹਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਹੀ ਹਨ। ਰਾਜਨੀਤੀ ਦਾ ਧੁਰਾ ਅੰਬੇਡਕਰ ਦੇ ਆਲੇ-ਦੁਆਲੇ ਹੀ ਜ਼ਿਆਦਾ ਘੁੰਮਦਾ ਹੈ।
ਰਾਜਨੀਤਕ ਪਾਰਟੀਆਂ ਵਿਚ ਦੌੜ ਗਾਂਧੀ ਦੇ ਉਤਰਾਧਿਕਾਰ ਦੀ ਨਹੀਂ, ਸਗੋਂ ਅੰਬੇਡਕਰ ਨੂੰ ਅਪਣਾਉਣ ਦੀ ਦਿਖਾਈ ਦਿੰਦੀ ਹੈ। ਅੰਬੇਡਕਰ ਸਮਾਜ ਅਤੇ ਰਾਜਨੀਤੀ ਵਿਚ ਇਕ ਤਰ੍ਹਾਂ ਨਾਲ ਉਬਾਲ ਪੈਦਾ ਕਰਨ ਦੀ ਤਾਕਤ ਰੱਖਦੇ ਹਨ। ਰਾਜਨੀਤੀ ਵਿਚ ਦੋ ਹੀ ਸਮੀਕਰਨ ਮੋਟੇ ਤੌਰ 'ਤੇ ਦੇਖੇ ਜਾਂਦੇ ਰਹੇ ਹਨ। ਪਹਿਲਾ ਹੈ ਹਿੰਦੂ ਤੇ ਮੁਸਲਮਾਨ ਦਾ, ਦੂਜਾ ਹੈ ਅੰਬੇਡਕਰ ਤੇ ਉਨ੍ਹਾਂ ਖਿਲਾਫ ਖੜ੍ਹੇ ਲੋਕਾਂ ਦਾ, ਪਰ ਪਿਛਲੇ ਕੁਝ ਦਹਾਕਿਆਂ ਦੌਰਾਨ ਅੰਬੇਡਕਰ ਖਿਲਾਫ ਖੜੇ ਲੋਕਾਂ ਨੂੰ ਵੀ ਅੰਬੇਡਕਰ ਦੀ ਕੀਮਤ ਦਾ ਅੰਦਾਜ਼ਾ ਹੋਇਆ ਹੈ ਅਤੇ ਉਨ੍ਹਾਂ ਨੇ ਅੰਬੇਡਕਰ ਨੂੰ ਅਪਣਾਉਣ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਬੇਸ਼ੱਕ ਇਸਦੇ ਪਿੱਛੇ ਰਾਜਨੀਤਕ ਮਜਬੂਰੀ ਹੈ। ਅਸਲ 'ਚ ਇਸ 'ਅੰਬੇਡਕਰ ਪ੍ਰੇਮ' ਦੀ ਜੜ੍ਹ ਵਿਚ ਪਿਛਲੇ 30 ਸਾਲਾਂ ਦੇ ਸਮੀਕਰਨ ਹਨ। ਅੰਬੇਡਕਰ ਦੇ ਸਿਧਾਂਤਾਂ ਨੂੰ ਸੰਵਿਧਾਨਕ ਰੂਪ ਵਿਚ ਸਵੀਕਾਰ ਕਰਨ ਦੀਆਂ ਗੱਲਾਂ ਕਰਨ ਵਾਲੀਆਂ ਰਾਜਨੀਤਕ ਪਾਰਟੀਆਂ ਨੇ ਵੀ ਅੰਬੇਡਕਰ ਦੇ ਲੋਕਾਂ ਨੂੰ ਨਿਆਂ ਨਹੀਂ ਦਿੱਤਾ। ਇਸ ਨਾਲ ਦੇਸ਼ ਅਤੇ ਸੂਬਿਆਂ ਵਿਚ ਦਲਿਤ ਰਾਜਨੀਤੀ ਦੀ ਜ਼ਮੀਨ ਤਿਆਰ ਹੁੰਦੀ ਗਈ ਅਤੇ ਪਿਛਲੇ ਤਿੰਨ ਦਹਾਕਿਆਂ ਦੌਰਾਨ ਇਸਦੀ ਤਾਕਤ ਵੀ ਸਥਾਪਿਤ ਹੁੰਦੀ ਗਈ। ਕਾਂਸ਼ੀਰਾਮ ਦੇ ਅੰਦੋਲਨ ਨੇ ਜਦੋਂ ਬਸਪਾ ਨੂੰ ਖੜ੍ਹਾ ਕੀਤਾ ਤਾਂ ਲੋਕਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਬਾਮਸੇਫ ਤੋਂ ਸ਼ੁਰੂ ਹੋਈ ਯਾਤਰਾ ਇਕ ਦਿਨ ਮਾਇਆਵਤੀ ਨੂੰ ਦੇਸ਼ ਦੇ ਸਭ ਤੋਂ ਵੱਡੇ ਸੂਬੇ ਦੀ ਮੁੱਖ ਮੰਤਰੀ ਬਣਾ ਦੇਵੇਗੀ। ਮਾਇਆਵਤੀ ਇਕ ਤਰ੍ਹਾਂ ਨਾਲ ਦਲਿਤ ਰਾਜਨੀਤੀ ਅਤੇ ਭਾਰਤੀ ਰਾਜਨੀਤੀ ਦਾ ਟਰਨਿੰਗ ਪੁਆਇੰਟ ਹੈ ਅਤੇ ਇੱਥੇ ਤੋਂ ਅੰਬੇਡਕਰ ਦੀ ਤਾਕਤ ਰਾਜਨੀਤੀ ਵਿਚ ਪੂਰੀ ਤਰ੍ਹਾਂ ਨਾਲ ਸਥਾਪਿਤ ਨਜ਼ਰ ਆਉਂਦੀ ਹੈ। ਇਸ ਤੋਂ ਬਾਅਦ ਇਹ ਗੱਲ ਸਥਾਪਿਤ ਹੋ ਗਈ ਕਿ ਰਾਜਨੀਤੀ ਵਿਚ ਦਲਿਤ ਨੂੰ ਬਾਹਰ ਰੱਖ ਕੇ ਜਾਂ ਉਨ੍ਹਾਂ ਦੀ ਅਣਦੇਖੀ ਕਰਕੇ ਬਹੁਤ ਅੱਗੇ ਨਹੀਂ ਵਧਿਆ ਜਾ ਸਕਦਾ। ਇਸ ਤਾਕਤ ਵਿਚ 20ਵੀਂ ਸਦੀ ਦੇ ਆਖਿਰੀ ਦਹਾਕੇ ਵਿਚ ਮੰਡਲ ਕਮਿਸ਼ਨ ਨੂੰ ਲੈ ਕੇ ਹੋਏ ਅੰਦੋਲਨ ਦੀ ਵੀ ਭੂਮਿਕਾ ਹੈ। ਅੰਬੇਡਕਰ ਇੰਨੇ ਵੱਡੇ ਹੋ ਚੁੱਕੇ ਹਨ ਕਿ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਵਰਗੇ ਹਿੰਦੂਵਾਦੀ ਸੰਗਠਨ ਵੀ ਉਨ੍ਹਾਂ ਨੂੰ ਆਪਣੇ ਨਾਇਕਾਂ ਵਿਚ ਸ਼ਾਮਲ ਕਰਨ ਦੀਆਂ ਗੱਲਾਂ ਕਰ ਰਿਹਾ ਹੈ। ਭਾਰਤ ਵਿਚ ਅੱਜ ਕੋਈ ਵੀ ਖੇਤਰੀ ਜਾਂ ਰਾਸ਼ਟਰੀ ਪੱਧਰ ਦੀ ਅਜਿਹੀ ਪਾਰਟੀ ਨਹੀਂ ਹੈ, ਜਿਹੜੀ ਅੰਬੇਡਕਰ ਖਿਲਾਫ ਖੜ੍ਹੀ ਹੋਣ ਦਾ ਹੌਸਲਾ ਵੀ ਰੱਖਦੀ ਹੋਵੇ। ਅਜਿਹਾ ਉਦੋਂ ਹੋ ਰਿਹਾ ਹੈ ਜਦੋਂ ਗਾਂਧੀ ਦੀਆਂ ਗੱਲਾਂ ਤੇ ਸ਼ਖਸੀਅਤ ਸਮਾਗਮਾਂ ਤੇ ਮੰਚਾਂ ਤੱਕ ਹੀ ਸੀਮਤ ਹੋ ਗਈ ਹੈ। ਰਾਜਨੀਤੀ ਦੀ ਮੌਕਾਪ੍ਰਸਤੀ ਨੇ ਰਾਜਨੀਤਕ ਪਾਰਟੀਆਂ ਨੂੰ ਸਮਝਾ ਦਿੱਤਾ ਹੈ ਕਿ ਗਾਂਧੀ ਦੇ ਨਾਂ 'ਤੇ ਅੱਜ ਵੋਟ ਨਹੀਂ ਮਿਲ ਸਕਦੇ। ਨਾਗਪੁਰ ਯੂਨੀਵਰਸਿਟੀ ਵਿਚ ਅੰਬੇਡਕਰ ਚੇਅਰ ਦੇ ਚੇਅਰਮੈਨ ਡਾ. ਪ੍ਰਦੀਪ ਆਗਲਾਵੇ ਕਹਿੰਦੇ ਹਨ, ''ਗਾਂਧੀ ਤੇ ਅੰਬੇਡਕਰ ਵਿਚੋਂ ਵੱਡਾ ਕੌਣ ਹੈ, ਇਸ ਵਿਵਾਦ ਵਿਚ ਪੈਣਾ ਨਹੀਂ ਚਾਹੀਦਾ, ਪਰ ਇਹ ਗੱਲ ਸਾਫ ਹੈ ਕਿ ਰਾਜਨੀਤਕ ਪਾਰਟੀਆਂ ਲਈ ਗਾਂਧੀ ਇਕ ਇਤਿਹਾਸਕ ਪੁਰਸ਼ ਹਨ ਅਤੇ ਅੰਬੇਡਕਰ ਕ੍ਰਾਂਤੀਕਾਰੀ। ਉਨ੍ਹਾਂ ਨੂੰ ਪਤਾ ਹੈ ਕਿ ਸਮਾਜਿਕ ਬਦਲਾਅ ਦੀ ਧਾਰਾ ਹੁਣ ਗਾਂਧੀ ਨਹੀਂ, ਅੰਬੇਡਕਰ ਤੋਂ ਹੋ ਕੇ ਜਾਂਦੀ ਹੈ। ਅੰਬੇਡਕਰ ਇਸੇ ਕਰਕੇ ਗਾਂਧੀ ਜਾਂ ਕਿਸੇ ਵੀ ਦੂਜੇ ਆਗੂ ਤੋਂ ਜ਼ਿਆਦਾ ਸਵੀਕਾਰ ਯੋਗ ਹਨ।'' ਕਾਂਗਰਸ ਪਾਰਟੀ ਦੇ ਇਕ ਸੀਨੀਅਰ ਆਗੂ ਮੰਨਦੇ ਹਨ ਕਿ ਦਲਿਤ ਰਾਜਨੀਤੀ ਦੇ ਉਭਾਰ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਕਮਜ਼ੋਰ ਹੋਈ ਹੈ। ਉਹ ਕਹਿੰਦੇ ਹਨ, ''ਅਸੀਂ ਦਲਿਤਾਂ ਦੇ ਹਿੱਤ 'ਚ ਕੰਮ ਕਰਦੇ ਰਹੇ, ਪਰ ਅਸੀਂ ਸਿਰਫ ਦਲਿਤਾਂ ਦੀ ਪਾਰਟੀ ਨਹੀਂ ਸਾਂ। ਅਸੀਂ ਕਿਸੇ ਇਕ ਜਾਤੀ ਜਾਂ ਸਮਾਜ ਦੀ ਪਾਰਟੀ ਨਹੀਂ ਸਾਂ। ਇਸੇ ਕਰਕੇ ਸ਼ਾਇਦ ਦਲਿਤਾਂ ਵਿਚਕਾਰ ਉਨੀ ਮਜ਼ਬੂਤੀ ਨਾਲ ਸਥਾਪਿਤ ਨਹੀਂ ਰਹਿ ਸਕੇ ਅਤੇ ਦਲਿਤ ਅੰਦੋਲਨਾਂ, ਰਾਜਨੀਤਕ ਪਾਰਟੀਆਂ ਨੇ ਜਾਤੀ ਅਧਾਰਿਤ ਰਾਜਨੀਤੀ ਵਿਚ ਜ਼ਿਆਦਾ ਸਫਲਤਾ ਹਾਸਲ ਕੀਤੀ।'' ਹਾਲ ਦੇ ਦਿਨਾਂ ਵਿਚ ਰੋਹਿਤ ਵੇਮੂਲਾ ਦੀ ਖੁਦਕੁਸ਼ੀ ਦੇ ਮਾਮਲੇ 'ਚ ਭਾਜਪਾ ਨੂੰ ਕਾਫੀ ਨੁਕਸਾਨ ਚੁੱਕਣਾ ਪਿਆ ਹੈ। ਇਸੇ ਕਰਕੇ ਆਰਐਸਐਸ ਤੇ ਭਾਜਪਾ ਨੇ ਅੰਬੇਡਕਰ ਨੂੰ ਹੋਰ ਮਜ਼ਬੂਤੀ ਨਾਲ ਸਵੀਕਾਰ ਕਰਨ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਨਾਗਪੁਰ ਯੂਨੀਵਰਸਿਟੀ ਵਿਚ ਅੰਬੇਡਕਰ ਚੇਅਰ ਦੇ ਚੇਅਰਮੈਨ ਡਾ. ਪ੍ਰਦੀਪ ਆਗਲਾਵੇ ਕਹਿੰਦੇ ਹਨ ਕਿ ਅੱਜ ਗਾਂਧੀ ਤੇ ਨਹਿਰੂ ਰਾਜਨੀਤੀ 'ਚ ਸਾਰਥਕਤਾ ਗੁਆਂਦੇ ਜਾ ਰਹੇ ਹਨ। ਸੰਭਾਵਨਾ ਹੈ ਕਿ ਹੁਣ ਤੋਂ ਕੁਝ ਦਹਾਕੇ ਬਾਅਦ ਇਹ ਪੂਰੀ ਤਰ੍ਹਾਂ ਨਾਲ ਸਾਰਥਕਤਾ ਗੁਆ ਲੈਣ, ਪਰ ਅੰਬੇਡਕਰ ਦੀ ਸਾਰਥਕਤਾ ਵਧਦੀ ਜਾਵੇਗੀ, ਕਿਉਂਕਿ ਉਥੇ ਦਲਿਤਾਂ, ਪਛੜਿਆਂ ਦੀ ਆਵਾਜ਼ ਹੈ। ਉਥੇ ਮਨੁੱਖੀ ਅਧਿਕਾਰਾਂ ਦੀ ਲੜਾਈ ਅਤੇ ਸੰਘਰਸ਼ ਹੈ। ਉਥੇ ਔਰਤਾਂ ਦੇ ਹੱਕ ਦੀ ਗੱਲ ਹੈ, ਜਦੋਂ ਤੱਕ ਸਮਾਜਿਕ ਨਿਆਂ ਦੀ ਲੜਾਈ ਬਾਕੀ ਹੈ, ਅੰਬੇਡਕਰ ਰਾਜਨੀਤੀ ਦੇ ਨਾਇਕ ਬਣੇ ਰਹਿਣਗੇ। 'ਵੋਟਾਂ ਹਾਸਲ ਕਰਨ ਲਈ ਡਾ. ਅੰਬੇਡਕਰ ਪ੍ਰਤੀ ਝੂਠਾ ਪਿਆਰ' ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਭਾਸ਼ਣ ਵਿਚ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਦੇ ਦੋ ਸਭ ਤੋਂ ਵੱਡੇ ਨਾਇਕ ਅੰਬੇਡਕਰ ਤੇ ਪਟੇਲ ਹਨ। ਇਸ 'ਤੇ ਨਾਗਪੁਰ ਯੂਨੀਵਰਸਿਟੀ ਵਿਚ ਅੰਬੇਡਕਰ ਚੇਅਰ ਦੇ ਚੇਅਰਮੈਨ ਡਾ. ਪ੍ਰਦੀਪ ਆਗਲਾਵੇ ਕਹਿੰਦੇ ਹਨ ਕਿ ਭਾਜਪਾ ਤੇ ਆਰਐਸਐਸ ਦੀਆਂ ਅਜਿਹੀਆਂ ਗੱਲਾਂ ਝੂਠੀਆਂ ਹਨ। ਇਹ ਅੰਬੇਡਕਰ ਪ੍ਰਤੀ ਝੂਠਾ ਪਿਆਰ ਹੈ ਅਤੇ ਇਸ ਵਿਚ ਸਿਰਫ ਵੋਟ ਪਾਉਣਾ ਹੀ ਮਕਸਦ ਹੈ। ਅਸਲ 'ਚ ਇਹ ਅੰਬੇਡਕਰ ਨੂੰ ਨਹੀਂ ਚਾਹੁੰਦੇ, ਪਰ ਅੰਬੇਡਕਰ ਇਨ੍ਹਾਂ ਦੀ ਮਜਬੂਰੀ ਹਨ। ਭਾਜਪਾ ਜਾਂ ਸੰਘ ਦੀ ਇਹ ਰਾਜਨੀਤਕ ਮਜਬੂਰੀ ਇਸ ਗੱਲ ਦਾ ਸਬੂਤ ਹੈ ਕਿ ਭਾਰਤੀ ਰਾਜਨੀਤੀ ਦੇ ਅੱਜ ਦੇ ਸਭ ਤੋਂ ਵੱਡੇ ਨਾਇਕ ਅੰਬੇਡਕਰ ਹੀ ਹਨ। ਬਾਕੀ ਰਾਜਨੀਤਕ ਪਾਰਟੀਆਂ ਵੀ ਇਸ ਨੀਅਤ ਤੇ ਹਿੱਤਾਂ ਨਾਲ ਬੰਨ੍ਹੀਆਂ ਇਸ ਨਾਇਕ ਨੂੰ ਆਪਣੇ ਸਿਰ 'ਤੇ ਲੈ ਕੇ ਘੁੰਮ ਰਹੀਆਂ ਹਨ। -ਪਾਣੀਨੀ ਆਨੰਦ

टिप्पणियाँ