ਇਹਨਾਂ ਭਰਾਵਾਂ ਵੱਲੋਂ ਦਲਿਤ ਵਰਗ ਪ੍ਰਤੀ ਮਾਰੇ ਗਏ ਹਾਅ ਦੇ ਨਾਅਰੇ ਦਾ ਭਰਪੂਰ ਸਵਾਗਤ ਕਰਦੇ ਹਾਂ। ਭਾਵੇਂ ਅਸੀਂ ਸਭ ਜਾਣਦੇ ਹਾਂ ਕਿ ਸਾਡਾ ਸਮਾਜ ਗੁਰੂ ਸਾਹਿਬਾਨ ਦਾ ਨਾਂਅ ਹੀ ਲੈਂਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਦੇ ਦਾਅਵੇ ਵੀ ਕਰਦਾ ਹੈ ਪਰ ਜੇਕਰ ਮੰਨਿਆ ਜਾਂਦਾ ਹੈ ਤਾਂ ਉਹ ਹੈ ਮਨੂੰ ਸਿਮਰਤੀ ਦਾ ਸਿਧਾਂਤ। ਸਾਡਾ ਸਮਾਜ ਪੂਰੀ ਤਰ੍ਹਾਂ ਜਾਤੀਵਾਦੀ ਹੋ ਚੁੱਕਿਆ ਹੈ।
ਇਸ ਜਾਤੀਵਾਦੀ ਸਮਾਜ ਵਿੱਚ ਜੇ ਕੁੱਝ ਕੁ ਲੋਕ ਸਿਆਣੀ ਗੱਲ ਕਰਦੇ ਹਨ ਤਾਂ ਉਸ ਦੀ ਕੋਈ ਮਹੱਤਤਾ ਨਹੀਂ। ਫਿਰ ਵੀ ਅਜਿਹੀ ਪਹਿਲ ਦਾ ਸਵਾਗਤ ਕਰਨਾ ਚਾਹੀਦਾ ਹੈ। ਅਸੀਂ ਇਤਿਹਾਸ ਵਿੱਚ ਪੜ੍ਹਦੇ ਹਾਂ ਕਿ ਜਦੋਂ ਸੂਬਾ ਸਰਹੰਦ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿੱਚ ਚਿਣਨ ਦਾ ਫੁਰਮਾਨ ਜਾਰੀ ਹੋਇਆ ਤਾਂ ਸ਼ੇਰ ਮੁਹੰਮਦ ਖਾਨ ਨਵਾਬ ਮਾਲੇਰਕੋਟਲਾ ਨੇ ਇਸਦਾ ਵਿਰੋਧ ਕਰਦਿਆਂ ਸਾਹਿਬਜਾਦਿਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਅਤੇ ਸਭਾ ਦਾ ਬਾਈਕਾਟ ਕਰ ਕੇ ਚਲਾ ਆਇਆ। ਭਾਵੇਂ ਉਸਦੇ ਹਾਅ ਦਾ ਨਾਅਰਾ ਮਾਰਨ ਪਿੱਛੋਂ ਵੀ ਸੂਬਾ ਸਰਹੰਦ ਨੇ ਆਪਣਾ ਫੈਸਲਾ ਨਹੀਂ ਬਦਲਿਆ ਅਤੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਸੀ ਪਰ ਅਸੀਂ ਸਭ ਅੱਜ ਵੀ ਜਦੋਂ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਯਾਦ ਕਰਦੇ ਹਾਂ ਤਾਂ ਸਤਿਕਾਰ ਸਹਿਤ ਯਾਦ ਕਰਦੇ ਹਾਂ। ਇਸ ਤਰ੍ਹਾਂ ਹੀ ਇਹਨਾਂ ਲੀਡਰਾਂ ਨੇ ਭਾਵੇਂ ਰਾਜਨੀਤਕ ਪੈਂਤੜੇ ਤੋਂ ਹੀ ਅਜਿਹਾ ਬਿਆਨ ਦਿੱਤਾ ਹੋਵੇ ਫਿਰ ਵੀ ਕਿਸੇ ਨੇ ਪਹਿਲਕਦਮੀ ਤਾਂ ਕੀਤੀ ਹੀ ਹੈ। ਹੋਰਨਾਂ ਲੀਡਰਾਂ ਤੋਂ ਵੀ ਆਸ ਕਰਦੇ ਹਾਂ ਕਿ ਉਹ ਵੀ ਗੁਰੂ ਸਾਹਿਬ ਦੇ ਸਿਧਾਂਤ ਅਨੁਸਾਰ ਦਲਿਤ ਵਰਗ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ। ਜੇ ਅਜਿਹਾ ਹੁੰਦਾ ਹੈ ਤਾਂ ਟੁੱਟ ਰਹੀ ਭਾਈਚਾਰਕ ਸਾਂਝ ਮੁੜ ਜੁੜ ਸਕਦੀ ਹੈ। ਦੋਵਾਂ ਧਿਰਾਂ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਅਸੀਂ ਇਸ ਦੇਸ਼ ਦੇ ਮੂਲਨਿਵਾਸੀ ਹਾਂ। ਸਾਡਾ ਦੁਸ਼ਮਣ ਕੋਈ ਹੋਰ ਹੈ। ਜੇ ਲੜਨਾ ਹੀ ਹੈ ਤਾਂ ਆਪਣੇ ਸਾਂਝੇ ਦੁਸ਼ਮਣ ਨਾਲ ਲੜੋ। ਇੱਕ ਦੂਜੇ ਨੂੰ ਦੁਸ਼ਮਣ ਮੰਨ ਕੇ ਅਤੇ ਆਪਸ ਵਿੱਚ ਲੜ ਕੇ ਤਾਂ ਅਸੀਂ ਆਪਣਾ ਨੁਕਸਾਨ ਹੀ ਕੀਤਾ ਹੈ ਅਤੇ ਕਰ ਰਹੇ ਹਾਂ।

टिप्पणियाँ
एक टिप्पणी भेजें