ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਅਸਲੀ ਕਾਰਨ
1469 ਵਿੱਚ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਗੁਰਗੱਦੀ ਸ਼ੁਰੂ ਮੰਨੀ ਜਾਂਦੀ ਹੈ। ਉਹਨਾਂ ਦੇ ਸਮੇਂ ਹੀ 1526 ਵਿੱਚ ਬਾਬਰ ਹਮਲਾਵਰ ਬਣ ਕੇ ਆਇਆ ਅਤੇ ਆਪਣਾ ਰਾਜ ਕਾਇਮ ਕਰ ਕੇ ਬਾਦਸ਼ਾਹ ਬਣ ਗਿਆ। ਗੁਰਗੱਦੀ ਹੌਲੀ ਹੌਲੀ ਗੁਰੂ ਅਰਜਨ ਸਾਹਿਬ ਕੋਲ ਪਹੁੰਚੀ। ਅਜੇ ਤੱਕ ਵੀ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ। ਫਿਰ 1064 ਈਸਵੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੁੰਦੀ ਹੈ। ਜਦੋਂ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੁੰਦੀ ਹੈ ਤਾਂ ਉਸੇ ਸਮੇਂ ਬਾਦਸ਼ਾਹ ਅਕਬਰ ਕੋਲ ਸ਼ਿਕਾਇਤ ਪਹੁੰਚ ਜਾਂਦੀ ਹੈ। ਸ਼ਿਕਾਇਤ ਕਰਨ ਵਾਲੇ ਬ੍ਰਾਹਮਣ ਹਨ। ਬ੍ਰਾਹਮਣਾਂ ਨੂੰ ਕਿਉਂ ਤਕਲੀਫ਼ ਹੈ ਇਹ ਗੱਲ ਗੌਰ ਕਰਨ ਵਾਲੀ ਹੈ। ਇਸਦਾ ਅਸਲ ਕਾਰਨ ਹੈ ਕਿ ਹੁਣ ਤੱਕ ਗੁਰੂ ਉਹ ਵਿਅਕਤੀ ਬਣਦੇ ਆਏ ਸਨ ਜਿੰਨ੍ਹਾਂ ਨੂੰ ਸਮਾਜ ਖੱਤਰੀ ਕਹਿ ਕੇ ਉੱਚੇ ਮੰਨਦਾ ਆਇਆ ਹੈ। ਪਰ ਹੁਣ ਪੰਜਵੇਂ ਗੁਰੂ ਨੇ ਇੱਕ ਨਵੀਂ ਗੱਲ ਕਰ ਦਿੱਤੀ ਕਿ ਸ਼ੂਦਰ/ਅਛੂਤ ਅਤੇ ਮਲੇਛ ਕਹੇ ਜਾਣ ਵਾਲੇ ਲੋਕਾਂ ਦੀ ਬਾਣੀ ਨੂੰ ਵੀ ਉੱਚੀਆਂ ਜਾਤੀਆਂ ਦੇ ਪੁਰਖਿਆਂ ਦੀ ਬਾਣੀ ਦੇ ਨਾਲ ਦਰਜ ਕਰ ਕੇ ਬਰਾਬਰ ਦਾ ਦਰਜਾ ਦੇ ਦਿੱਤਾ। ਇਸ ਲਈ ਉੱਚ ਜਾਤੀਆਂ ਨੂੰ ਤਕਲੀਫ਼ ਹੋਈ ਅਤੇ ਇਸ ਮਾਮਲੇ ਦੀ ਸ਼ਿਕਾਇਤ ਰਾਜ ਦਰਬਾਰ ਵਿੱਚ ਪਹੁੰਚ ਗਈ। ਸ਼ਿਕਾਇਤ ਕਰਨ ਦੀ ਜੁਰਅਤ ਵੀ ਇਸ ਕਾਰਨ ਹੋਈ ਕਿਉਂਕਿ ਹਮਾਯੂੰ ਤੋਂ ਬਾਅਦ ਜਦੋਂ ਅਕਬਰ ਨੇ ਗੱਦੀ ਸੰਭਾਲੀ ਤਾਂ ਉਸਦੀ ਉਮਰ ਬਹੁਤ ਛੋਟੀ ਸੀ। ਉਸਨੂੰ ਵਰਗਲਾਉਣ ਲਈ ਉੱਚ ਜਾਤੀਆਂ ਦੇ ਰਸੂਖਦਾਰ ਲੋਕਾਂ ਨੇ ਆਪਣੀਆਂ ਧੀਆਂ ਦੇ ਡੋਲ਼ੇ ਵੀ ਦਿੱਤੇ ਸਨ। ਪਰ ਅਕਬਰ ਬਾਦਸ਼ਾਹ ਸੂਝਵਾਨ ਹੋਣ ਕਰਕੇ ਇਸ ਸ਼ਿਕਾਇਤ ਵੱਲ ਧਿਆਨ ਨਹੀਂ ਦਿੰਦਾ। ਫਿਰ ਅਗਲੇ ਸਾਲ ਜਾਣੀ 1605 ਵਿੱਚ ਅਕਬਰ ਬਾਦਸ਼ਾਹ ਦੀ ਮੌਤ ਹੋ ਜਾਂਦੀ ਹੈ ਅਤੇ ਉਸਦਾ ਬੇਟਾ ਜਹਾਂਗੀਰ ਬਾਦਸ਼ਾਹ ਬਣਦਾ ਹੈ। ਫਿਰ ਉਸ ਕੋਲ ਵੀ ਸ਼ਿਕਾਇਤ ਪਹੁੰਚਦੀ ਹੈ। ਸ਼ਿਕਾਇਤ ਕਰਨ ਵਾਲੇ ਵੀ ਉਹੀ ਲੋਕ ਹਨ। ਜਹਾਂਗੀਰ ਆਪਣੇ ਬਾਪ ਜਿੰਨਾ ਸਮਝਦਾਰ ਸਿਆਸਤਦਾਨ ਨਹੀਂ ਸੀ। ਉਸਨੂੰ ਚਾਪਲੂਸ ਕਿਸਮ ਦੇ ਦਰਬਾਰੀ ਲੋਕਾਂ ਨੇ ਸ਼ਰਾਬ ਦਾ ਗੁਲਾਮ ਬਣਾ ਦਿੱਤਾ ਸੀ। ਇਸ ਕਰਕੇ ਸ਼ਿਕਾਇਤ ਉੱਪਰ ਤੁਰੰਤ ਕਾਰਵਾਈ ਹੁੰਦੀ ਹੈ ਅਤੇ 1606 ਈਸਵੀ ਵਿੱਚ ਗੁਰੂ ਅਰਜਨ ਸਾਹਿਬ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ। ਗੁਰਗੱਦੀ ਦੀ ਮਾਲਕੀ ਸੰਬੰਧੀ ਪਰਿਵਾਰਕ ਝਗੜਾ ਜਾਂ ਚੰਦੂ ਦੀ ਬੇਟੀ ਦਾ ਰਿਸ਼ਤਾ ਠੁਕਰਾਏ ਜਾਣਾ ਆਦਿ ਮਾਮਲੇ ਗੁਰੂ ਸਾਹਿਬ ਦੀ ਸ਼ਹੀਦੀ ਦੇ ਅਸਲ ਕਾਰਨ ਨਹੀਂ ਸਿਰਫ਼ ਬਹਾਨੇ ਹਨ। ਜਦੋਂ ਕੋਈ ਸ਼ਾਤਰ ਵਿਅਕਤੀ ਕਿਸੇ ਨਿਰਦੋਸ਼ ਨੂੰ ਆਪਣਾ ਸ਼ਿਕਾਰ ਬਣਾਉਣਾ ਚਾਹੁੰਦਾ ਹੈ ਤਾਂ ਉਹ ਕੋਈ ਨਾ ਕੋਈ ਬਹਾਨਾ ਘੜ ਹੀ ਲੈਂਦਾ ਹੈ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਅਸਲ ਕਾਰਨ ਨੀਵੇਂ ਕਹੇ ਜਾਣ ਵਾਲੇ ਲੋਕਾਂ ਦੀ ਬਾਣੀ ਨੂੰ ਅਖੌਤੀ ਉੱਚਿਆਂ ਦੇ ਬਰਾਬਰ ਦਾ ਦਰਜਾ ਦੇਣਾ ਹੈ ਅਤੇ ਸਜ਼ਾ ਦੇਣ ਲਈ ਘਰੇਲੂ ਮਾਮਲਿਆਂ ਦਾ ਸਹਾਰਾ ਵੀ ਲਿਆ ਗਿਆ। ਪਰ ਅਫਸੋਸ ਹੈ ਕਿ ਸਾਡੇ ਧਰਮ ਪ੍ਰਚਾਰਕ ਇਸ ਸੱਚ ਨੂੰ ਬਹੁਤੇ ਲੋਕਾਂ ਤੱਕ ਪਹੁੰਚਾਉਣ ਵਿੱਚ ਨਾਕਾਮ ਰਹੇ ਹਨ। ਨਕਲੀ ਇਤਿਹਾਸਕਾਰ ਆਪਣਾ ਕੰਮ ਕਰਦੇ ਰਹੇ। ਉਹਨਾਂ ਨੇ ਉਹ ਗੱਲਾਂ ਲਿਖੀਆਂ ਜਾਂ ਲੋਕਾਂ ਨੂੰ ਦੱਸੀਆਂ ਜੋ ਹਕੀਕਤ ਨਹੀਂ ਸਨ। ਜਦੋਂ ਅਸੀਂ ਗੁਰੂ ਸਾਹਿਬ ਦੀ ਸ਼ਹੀਦੀ ਸੰਬੰਧੀ ਕੋਈ ਪੇਂਟਿੰਗ ਦੇਖਦੇ ਹਾਂ ਤਾਂ ਉਸ ਵਿੱਚੋਂ ਚੰਦੂ ਬ੍ਰਾਹਮਣ ਹਮੇਸ਼ਾ ਗਾਇਬ ਹੁੰਦਾ ਹੈ। ਅਸੀਂ ਅਜੇ ਤੱਕ ਉਸਦਾ ਬਰਾਬਰ ਖੜ੍ਹੇ ਦਾ ਚਿੱਤਰ ਤਿਆਰ ਨਹੀਂ ਕਰਵਾ ਸਕੇ। ਪਰ ਦੁੱਧ ਲੈ ਕੇ ਖੜ੍ਹੀ ਚੰਦੂ ਦੇ ਪਰਿਵਾਰ ਦੀ ਇੱਕ ਔਰਤ ਜ਼ਰੂਰ ਇਸ ਵਿੱਚ ਸ਼ਾਮਲ ਹੋ ਗਈ। ਜਿਸ ਬਾਰੇ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਉਸਨੂੰ ਕਿਹਾ ਕਿ ਤੁਸੀਂ ਠੰਢਾ ਮਿੱਠਾ ਪਾਣੀ ਕਰਕੇ ਲੋਕਾਂ ਨੂੰ ਪਿਲਾਉ ਤਾਂ ਮੇਰਾ ਤਪਦਾ ਤਨ ਮਨ ਸ਼ਾਂਤ ਹੋਵੇਗਾ। ਉਹਨਾਂ ਅਨੁਸਾਰ ਇਸਤੋਂ ਹੀ ਛਬੀਲ ਦੀ ਸ਼ੁਰੂਆਤ ਹੋਈ। ਅਸੀਂ ਹਰ ਸਾਲ ਮਨੂੰਵਾਦੀ ਇਤਿਹਾਸਕਾਰਾਂ ਦੀ ਮੰਨ ਕੇ ਛਬੀਲਾਂ ਲਾਉਣ ਉੱਪਰ ਹੀ ਜ਼ੋਰ ਲਾਉਂਦੇ ਹਾਂ। ਨਾ ਤਾਂ ਅਸੀਂ ਗੁਰੂ ਸਾਹਿਬ ਦੀ ਸ਼ਹੀਦੀ ਦੇ ਕਾਰਨਾਂ ਨੂੰ ਖੋਜਣ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਦੁਸ਼ਮਣ ਦੀ ਆਮ ਲੋਕਾਂ ਨੂੰ ਪਛਾਣ ਕਰਾ ਸਕੇ।
ਦਰਸ਼ਨ ਸਿੰਘ ਬਾਜਵਾ

टिप्पणियाँ
एक टिप्पणी भेजें