ਮੇਰੇ ਫੇਸਬੁੱਕ ਫਰੈਂਡ ਅਤੇ ਲੇਖਕ ਸ਼੍ਰੀ ਚਮਨ ਲਾਲ ਚਣਕੋਆ ਜੀ ਨੇ ਆਪਣੀ ਵਾਲ 'ਤੇ ਇੱਕ ਸੁਆਲ ਖੜ੍ਹਾ ਕੀਤਾ ਹੈ। ਸੁਆਲ ਕਾਫੀ ਦਿਲ ਖਿੱਚਵਾਂ ਹੈ। ਸੁਆਲ ਸੀ ਕਿ "ਪੰਜਾਬ 'ਚ ਵੱਡੇ ਪੱਧਰ 'ਤੇ ਰਵਿਦਾਸੀਆ ਭਾਈਚਾਰਾ ਕ੍ਰਿਸ਼ਚੀਅਨ ਬਣ ਰਿਹਾ ਹੈ। ਬੁੱਧ ਜਾਂ ਸਿੱਖ ਕਿਉਂ ਨਹੀਂ ? ਕੁੱਝ ਕਾਰਨਾਂ ਦੀ ਜਾਣਕਾਰੀ ਚਾਹੀਦੀ ਹੈ।"
ਮੈਂ ਇਸ ਸੁਆਲ ਦਾ ਜਵਾਬ ਉੱਥੇ ਹੀ ਦੇਣ ਦੀ ਬਜਾਏ ਆਪਣੀ ਵਾਲ ਤੋਂ ਦੇਣਾ ਠੀਕ ਸਮਝਿਆ। ਮੇਰੀ ਸਮਝ ਅਨੁਸਾਰ ਕਿਸੇ ਵੀ ਧਰਮ ਨੂੰ ਮੰਨਣਾ ਜਾਂ ਨਾ ਮੰਨਣਾ ਕਿਸੇ ਵਿਅਕਤੀ ਦੇ ਮੁੱਢਲੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਜਦੋਂ ਕੋਈ ਵਿਅਕਤੀ ਕਿਸੇ ਧਰਮ ਨੂੰ ਮੰਨਣਾ ਸ਼ੁਰੂ ਕਰਦਾ ਹੈ ਤਾਂ ਉਹਨਾਂ ਧਰਮਾਂ ਨੂੰ ਚਿੰਤਾ ਜ਼ਰੂਰ ਹੁੰਦੀ ਹੈ ਜਿਸਨੂੰ ਉਸਨੇ ਛੱਡਿਆ ਹੋਵੇ ਜਾਂ ਜਿਹੜੇ ਕਿਸੇ ਹੋਰ ਧਰਮ ਨੂੰ ਮੰਨਣ ਵਾਲੇ ਉਸਤੋਂ ਆਪਣੇ ਧਰਮ ਵਿੱਚ ਸ਼ਾਮਲ ਹੋਣ ਦੀ ਆਸ ਲਗਾਈ ਬੈਠੇ ਸਨ। ਧਰਮ ਦਾ ਵਿਸ਼ਾ ਰੱਬ ਨੂੰ ਮਿਲਣ ਦਾ ਵਿਸ਼ਾ ਹੀ ਨਹੀਂ ਹੁੰਦਾ। ਧਰਮ ਇੱਕ ਸਮਾਜ ਵੀ ਬਣਾਉਂਦਾ ਹੈ। ਸਮਾਜ ਇੱਕ ਦੂਜੇ ਦੀਆਂ ਕੁੱਝ ਲੋੜਾਂ ਵੀ ਪੂਰੀਆਂ ਕਰਦਾ ਹੈ। ਇਨਸਾਨ ਦੀਆਂ ਮੁੱਢਲੀਆਂ ਲੋੜਾਂ ਵਿੱਚੋਂ ਇੱਕ ਜ਼ਰੂਰਤ ਹੁੰਦੀ ਹੈ ਸਿਹਤ ਸਹੂਲਤਾਂ ਦੀ, ਇੱਕ ਵਿੱਦਿਆ ਪ੍ਰਾਪਤੀ ਲਈ ਪਾਠਸ਼ਾਲਾ ਦੀ, ਇੱਕ ਰੁਜ਼ਗਾਰ ਦੀ ਅਤੇ ਆਮ ਇਨਸਾਨਾਂ ਲਈ ਸਵਰਗਾਂ ਵਿੱਚ ਜਾਣ ਦਾ ਲਾਲਚ ਜਾਂ ਨਰਕ ਵਿੱਚ ਜਾਣ ਦਾ ਡਰ ਵੀ ਬੰਦੇ ਨੂੰ ਕਿਸੇ ਧਰਮ ਵਿੱਚ ਸ਼ਾਮਲ ਹੋਣ ਲਈ ਮਜ਼ਬੂਰ ਕਰਦਾ ਹੈ। ਇਹਨਾਂ ਵਿੱਚੋਂ ਇੱਕ ਹੋਰ ਕਾਰਨ ਹੁੰਦਾ ਹੈ ਮਾਣ ਸਨਮਾਨ ਦਾ। ਇਹ ਸ਼ਾਇਦ ਸਭ ਤੋਂ ਵੱਡਾ ਕਾਰਨ ਹੈ। ਧਰਮ ਪ੍ਰਵਰਤਨ ਉਹ ਲੋਕ ਹੀ ਕਰਦੇ ਹਨ ਜਿੰਨ੍ਹਾਂ ਨੂੰ ਉਹਨਾਂ ਦੁਆਰਾ ਮੰਨੇ ਜਾਂਦੇ ਧਰਮ ਵਿੱਚ ਮਾਣ ਸਨਮਾਨ ਨਾ ਮਿਲਦਾ ਹੋਵੇ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੇ ਆਪਣੇ ਸਮਾਜ ਨੂੰ ਧਰਮ ਪ੍ਰਵਰਤਨ ਕਰਨ ਦੀ ਸਲਾਹ ਦਿੱਤੀ ਸੀ। ਉਹਨਾਂ ਖੁਦ ਵੀ ਆਪਣੇ ਲੱਖਾਂ ਸਾਥੀਆਂ ਨਾਲ 14 ਅਕਤੂਬਰ 1956 ਨੂੰ ਹਿੰਦੂ ਧਰਮ ਛੱਡ ਕੇ ਬੁੱਧ ਧੰਮ ਅਪਣਾਇਆ ਸੀ। ਉਹਨਾਂ ਤੋਂ ਬਾਅਦ ਵੀ ਧਰਮ ਪ੍ਰਵਰਤਨ ਹੁੰਦਾ ਰਿਹਾ ਹੈ। ਇਸਾਈ ਮਿਸ਼ਨ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਨੂੰ ਮਾਣ ਸਨਮਾਨ ਤਾਂ ਮਿਲਦਾ ਮਹਿਸੂਸ ਹੁੰਦਾ ਹੀ ਹੈ ਨਾਲ਼ ਹੀ ਮੁਫਤ ਪੜ੍ਹਾਈ ਦਾ ਕਾਫੀ ਹੱਦ ਤੱਕ ਬੰਦੋਬਸਤ ਵੀ ਹੁੰਦਾ ਹੈ ਅਤੇ ਸੀਐਮਸੀ ਵਰਗੇ ਵਧੀਆ ਹਸਪਤਾਲ ਵਿੱਚ ਇਲਾਜ ਵੀ ਮੁਫਤ ਹੁੰਦਾ ਹੈ। ਕੁਛ ਪੜ੍ਹੇ ਲਿਖੇ ਲੋਕਾਂ ਨੂੰ ਪ੍ਰਚਾਰਕ ਦੇ ਤੌਰ 'ਤੇ ਰੁਜ਼ਗਾਰ ਵੀ ਮਿਲਦਾ ਹੈ। ਕੁਛ ਅਨਪੜ੍ਹ ਜਾਂ ਅੰਧ ਵਿਸ਼ਵਾਸੀ ਲੋਕਾਂ ਨੂੰ ਉਹਨਾਂ ਦੇ ਅੰਦਰ ਪਹਿਲਾਂ ਤੋਂ ਵਸੇ ਭੂਤਾਂ ਪ੍ਰੇਤਾਂ ਦੇ ਡਰ ਨੂੰ ਵੀ ਕੈਸ਼ ਕੀਤਾ ਜਾਂਦਾ ਹੈ ਅਤੇ ਪ੍ਰਾਰਥਨਾ ਕਰਕੇ ਉਹਨਾਂ ਦੇ ਵਿਗੜੇ ਹੋਏ ਕੰਮ ਸੂਤ ਕਰਨ ਦੀ ਮਾਨਸਿਕ ਤਸੱਲੀ ਵੀ ਦਿੱਤੀ ਜਾਂਦੀ ਹੈ। ਇਸਾਈ ਮਿਸ਼ਨ ਨਾਲ ਜੁੜੇ ਇੱਕ ਸਾਥੀ ਨਾਲ ਗੱਲਬਾਤ ਦੌਰਾਨ ਪਤਾ ਚੱਲਿਆ ਕਿ ਇਸਾਈਆਂ ਦੁਆਰਾ ਚਲਾਏ ਜਾਂਦੇ ਹਸਪਤਾਲਾਂ ਅਤੇ ਸਕੂਲਾਂ ਆਦਿ ਅਦਾਰਿਆਂ ਵਿੱਚ ਹਰ ਇੱਕ ਗਰੀਬ ਲਈ ਮੁਫਤ ਸਹੂਲਤ ਹੁੰਦੀ ਹੈ। ਭਾਵੇਂ ਕੋਈ ਕ੍ਰਿਸਚੀਅਨ ਨਾ ਵੀ ਹੋਵੇ।
ਸਿੱਖ ਅਤੇ ਬੋਧੀ ਅਜੇ ਤੱਕ ਮੁਫਤ ਪੜ੍ਹਾਈ ਲਈ ਸਕੂਲਾਂ ਜਾਂ ਇਲਾਜ ਲਈ ਹਸਪਤਾਲਾਂ ਦਾ ਪ੍ਰਬੰਧ ਨਹੀਂ ਕਰ ਸਕੇ। ਬੋਧੀਆਂ ਕੋਲ ਤਾਂ ਆਮਦਨ ਦਾ ਜਰੀਆ ਨਹੀਂ ਪਰ ਸਿੱਖਾਂ ਕੋਲ ਤਾਂ ਹੈ। ਉਹ ਵੀ ਕੋਈ ਐਸਾ ਯੋਗ ਪ੍ਰਬੰਧ ਨਹੀਂ ਕਰ ਸਕੇ। ਸ਼੍ਰੋਮਣੀ ਕਮੇਟੀ ਦੁਆਰਾ ਚਲਾਏ ਜਾਂਦੇ ਗੁਰੂ ਰਾਮਦਾਸ ਹਸਪਤਾਲ ਅਤੇ ਮੈਡੀਕਲ ਇੰਸਟੀਚਿਊਟ ਵਿੱਚੋਂ ਆਰ ਐਸ ਐਸ ਨਾਲ ਸਬੰਧਤ ਉੱਚ ਜਾਤੀ ਹਿੰਦੂਆਂ ਦੇ ਬੱਚੇ ਤਾਂ ਬਿਨਾਂ ਫੀਸਾਂ ਤੋਂ ਹੀ ਪੜ੍ਹਕੇ ਡਾਕਟਰ ਬਣਕੇ ਚਲੇ ਗਏ। ਇਹਨਾਂ ਵਿੱਚ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਅਰੁਣ ਸ਼ੋਰੀ ਅਤੇ ਪੱਤਰਕਾਰ ਨਲਿਨੀ ਸਿੰਘ ਦੇ ਬੱਚੇ ਵੀ ਸ਼ਾਮਲ ਹਨ। ਪਰ ਗਰੀਬਾਂ ਲਈ ਵਿੱਦਿਆ ਪ੍ਰਾਪਤ ਕਰਨ ਦਾ ਕੋਈ ਪ੍ਰਬੰਧ ਕਰਨ ਵਿੱਚ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਅਸਫਲ ਰਹੀ ਹੈ। ਹਰਿਆਣਾ ਦੇ ਸਿੱਖ ਕਤਲੇਆਮ ਨਾਲ ਸਬੰਧਤ ਹੋਂਦ ਚਿੱਲੜ ਦਾ ਮਾਮਲਾ ਸਾਹਮਣੇ ਲਿਆਉਣ ਵਾਲੇ ਇੰਜੀਨੀਅਰ ਭਾਈ ਮਨਜਿੰਦਰ ਸਿੰਘ ਗਿਆਸਪੁਰਾ ਨੇ ਸ਼੍ਰੋਮਣੀ ਕਮੇਟੀ ਦੇ ਉਹਨਾਂ 55 ਵੱਡੇ ਗੁਰਦੁਆਰਿਆਂ ਦੀ ਸੂਚੀ ਜਾਰੀ ਕੀਤੀ ਸੀ ਜਿੰਨ੍ਹਾਂ ਵਿੱਚੋਂ 53 ਦੇ ਮੈਨੇਜਰ ਉੱਚ ਜਾਤੀ ਦੇ ਸਨ। ਇਹਨਾਂ 53 ਵਿੱਚੋਂ 47 ਤਾਂ ਕੇਵਲ ਜੱਟ ਜਾਤੀ ਦੇ ਸਨ। ਜਾਣੀ ਨਿਮਨ ਵਰਗਾਂ ਨੂੰ ਰੁਜ਼ਗਾਰ ਦੇਣ ਵਿੱਚ ਵੀ ਸ਼੍ਰੋਮਣੀ ਕਮੇਟੀ ਅਸਫਲ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਸਕੂਲਾਂ ਵਿੱਚ ਭਾਰੀ ਫੀਸਾਂ ਵਸੂਲੀਆਂ ਜਾਂਦੀਆਂ ਹਨ। ਦੂਸਰਾ ਜੇ ਪੰਜਾਬ ਵਿੱਚ ਬੋਧੀਆਂ ਕੋਲ ਆਮਦਨ ਦੇ ਸਰੋਤ ਪੈਦਾ ਕਰਨ ਵਾਲੇ ਧਾਰਮਿਕ ਅਦਾਰੇ ਨਹੀਂ ਪਰ ਉਸ ਕੋਲ ਬੁੱਧੀਜੀਵੀ ਤਾਂ ਹਨ। ਦੁਆਬਾ ਖੇਤਰ ਵਿੱਚ ਉਹਨਾਂ ਵੱਲੋਂ ਕਈ ਬੁੱਧ ਵਿਹਾਰ ਖੜ੍ਹੇ ਕੀਤੇ ਗਏ ਹਨ। ਜੇ ਇਸੇ ਤਰ੍ਹਾਂ ਸਕੂਲ ਜਾਂ ਹਸਪਤਾਲ ਵੀ ਖੁੱਲ੍ਹ ਜਾਣ ਤਾਂ ਵਧੀਆ ਗੱਲ ਹੋ ਸਕਦੀ ਹੈ।
ਚਣਕੋਆ ਜੀ ਵੱਲੋਂ ਉਠਾਇਆ ਗਿਆ ਸੁਆਲ ਸਿਰਫ਼ ਰਵਿਦਾਸੀਆ ਭਾਈਚਾਰੇ ਨੂੰ ਸੰਬੋਧਿਤ ਹੈ ਕਿ ਉਹ ਇਸਾਈ ਧਰਮ ਵੱਲ ਕਿਉਂ ਜਾ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਸਿਰਫ਼ ਰਵਿਦਾਸੀਆ ਭਾਈਚਾਰਾ ਹੀ ਇਸਾਈ ਨਹੀਂ ਬਣ ਰਿਹਾ ਬਲਕਿ ਮਜ਼੍ਹਬੀ ਸਿੱਖ ਭਾਈਚਾਰਾ ਵੀ ਬਣ ਰਿਹਾ ਹੈ। ਇਸਾਈ ਤਾਂ ਦੂਸਰੇ ਭਾਈਚਾਰੇ ਵੀ ਬਣ ਰਹੇ ਹਨ ਪਰ ਸ਼ਾਇਦ ਉਹਨਾਂ ਦੀ ਗਿਣਤੀ ਘੱਟ ਹੈ। ਆਪਣੀ ਵੱਖਰੀ ਪਛਾਣ ਬਣਾਈ ਰੱਖਣ ਲਈ ਮਜ਼੍ਹਬੀ ਸਿੱਖ ਭਾਈਚਾਰੇ ਕੋਲ ਆਮਦਨ ਦੇ ਧਾਰਮਿਕ ਸਰੋਤ ਨਾਂਹ ਦੇ ਬਰਾਬਰ ਹਨ। ਇਹਨਾਂ ਨੇ ਤਾਂ ਅੰਮ੍ਰਿਤਸਰ ਵਿਖੇ ਜੋ ਭਗਵਾਨ ਵਾਲਮੀਕ ਗਿਆਨ ਆਸ਼ਰਮ ਬਣਾਇਆ ਹੈ ਉਸ ਵਿੱਚ ਵੀ ਡੇਰਾ ਬੱਲਾਂ ਨੇ ਕੁਛ ਆਰਥਿਕ ਸਹਿਯੋਗ ਦਿੱਤਾ ਹੈ। ਦੂਜੇ ਪਾਸੇ ਰਵਿਦਾਸੀਆ ਭਾਈਚਾਰੇ ਕੋਲ ਵੱਡੇ ਧਾਰਮਿਕ ਅਦਾਰੇ ਹਨ। ਇਹਨਾਂ ਦੀ ਆਮਦਨ ਵੀ ਕਾਫੀ ਜ਼ਿਆਦਾ ਹੈ। ਜੇਕਰ ਵੱਖ ਵੱਖ ਡੇਰੇ ਚਾਹੁਣ ਤਾਂ ਪੂਰੇ ਪੰਜਾਬ ਵਿੱਚ ਵਧੀਆ ਸਕੂਲ ਅਤੇ ਹਸਪਤਾਲ ਖੋਲ੍ਹੇ ਜਾ ਸਕਦੇ ਹਨ ਜਿੱਥੇ ਗਰੀਬ ਲੋਕਾਂ ਨੂੰ ਵਿੱਦਿਆ ਅਤੇ ਇਲਾਜ ਦੀ ਸਹੂਲਤ ਮੁਫਤ ਵਿੱਚ ਦਿੱਤੀ ਜਾ ਸਕਦੀ ਹੈ। ਪਰ ਅਫਸੋਸ ਹੈ ਕਿ ਇਸ ਤਰ੍ਹਾਂ ਦੇ ਉਪਰਾਲੇ ਨਹੀਂ ਹੋ ਸਕੇ। ਰਵਿਦਾਸੀਆ ਭਾਈਚਾਰਾ ਹਰ ਸਾਲ ਗੁਰਪੁਰਬ ਉੱਪਰ ਇਕੱਲੇ ਪੰਜਾਬ ਵਿੱਚ ਹੀ ਅਰਬਾਂ ਖਰਬਾਂ ਰੁਪਏ ਦਿਖਾਵੇ ਵਿੱਚ ਹੀ ਖਰਚ ਕਰ ਦਿੰਦਾ ਹੈ। ਰਵਿਦਾਸੀਆ ਭਾਈਚਾਰੇ ਦੇ ਡੇਰਿਅਾਂ ਦੇ ਲੱਖਾਂ ਪੈਰੋਕਾਰ ਹਨ। ਇਹਨਾਂ ਵਿੱਚੋਂ ਕਾਫੀ ਵਿਦੇਸ਼ਾਂ ਵਿੱਚ ਸੈਟਲ ਹਨ। ਜੇਕਰ ਡੇਰੇਦਾਰ ਆਪਣੇ ਪੈਰੋਕਾਰਾਂ ਨੂੰ ਪ੍ਰੇਰਿਤ ਕਰਨ ਤਾਂ ਇਹ ਸਭ ਕੁੱਝ ਅਸਾਨੀ ਨਾਲ ਸੰਭਵ ਹੋ ਸਕਦਾ ਹੈ।
ਸਿੱਖ ਚਿੰਤਕ ਇਸ ਗੱਲ ਦੀ ਚਿੰਤਾ ਪ੍ਰਗਟ ਕਰਦੇ ਹਨ ਕਿ ਦਲਿਤ ਵਰਗ ਦੇ ਲੋਕ ਸਿੱਖ ਧਰਮ ਛੱਡ ਕੇ ਹੋਰਨਾਂ ਧਰਮਾਂ ਵਿੱਚ ਜਾ ਰਹੇ ਹਨ। ਕਦੇ ਕਦਾਈਂ ਤਾਂ ਕੁਛ ਵਿਅਕਤੀ ਦੂਸਰੇ ਧਰਮਾਂ ਜਾਂ ਨੂੰ ਮੰਨਣ ਵਾਲਿਆਂ ਪ੍ਰਤੀ ਗੁੱਸਾ ਵੀ ਦਿਖਾਉਂਦੇ ਹਨ। ਪਰ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੰਦਾ ਕਿ ਕੀ ਉਹਨਾਂ ਦੇ ਧਰਮ ਵਿੱਚ ਦੂਸਰੇ ਲੋਕਾਂ ਨੂੰ ਸਮਾਜਿਕ ਬਰਾਬਰੀ ਮਿਲਦੀ ਹੈ ਜਾਂ ਨਹੀਂ। ਇੱਥੋਂ ਤੱਕ ਕਿ ਲੰਬਾ ਸਮਾਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਰਤਨੀਏ ਦੀ ਸੇਵਾ ਨਿਭਾਉਣ ਵਾਲੇ ਭਾਈ ਨਿਰਮਲ ਸਿੰਘ ਨੇ ਵੀ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਹਨਾਂ ਨੂੰ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵੱਲੋਂ ਉਹਨਾਂ ਦੀ ਜਾਤ ਦਾ ਨਾਮ ਲੈ ਕੇ ਜਲੀਲ ਕੀਤਾ ਗਿਆ ਸੀ। ਇਹ ਦੱਸ ਦੇਣਾ ਵੀ ਜ਼ਰੂਰੀ ਹੈ ਕਿ ਭਾਈ ਨਿਰਮਲ ਸਿੰਘ ਪਦਮਸ਼੍ਰੀ ਅਵਾਰਡ ਨਾਲ ਸਨਮਾਨਿਤ ਸਨ ਜੋ ਕਿ ਕੀਰਤਨੀਆਂ ਵਿੱਚੋਂ ਇੱਕੋ ਇੱਕ ਪਦਮਸ਼੍ਰੀ ਸਨ। ਪਿੰਡਾਂ ਵਿੱਚ ਜਾਤ ਅਧਾਰਤ ਵਿਤਕਰੇਬਾਜ਼ੀ ਹੁੰਦੀ ਹੈ। ਕਰਨ ਵਾਲੇ ਵੀ ਸਿੱਖ ਧਰਮ ਨੂੰ ਮੰਨਣ ਵਾਲੇ ਹੁੰਦੇ ਹਨ। ਪਰ ਸਿੱਖਾਂ ਦੇ ਕਿਸੇ ਅਦਾਰੇ ਵੱਲੋਂ ਕੋਈ ਕਾਰਵਾਈ ਨਹੀਂ ਹੁੰਦੀ।
ਇਸੇ ਤਰ੍ਹਾਂ ਹਿੰਦੂ ਵੀ ਕਰਦੇ ਹਨ। ਉਹ ਆਪਣੀ ਜਾਤੀ ਹੈਂਕੜ ਤਾਂ ਛੱਡਦੇ ਨਹੀਂ ਪਰ ਕਿਸੇ ਨੂੰ ਧਰਮ ਤੋਂ ਬਾਹਰ ਜਾਣ 'ਤੇ ਸ਼ੋਰ ਸ਼ਰਾਬਾ ਬਹੁਤ ਕਰਦੇ ਹਨ। ਆਦਿਵਾਸੀ ਇਲਾਕਿਆਂ ਵਿੱਚ ਇਸਾਈ ਮਿਸ਼ਨਰੀਆਂ ਦੁਆਰਾ ਲੋਕ ਭਲਾਈ ਦੇ ਜੋ ਕਾਰਜ ਕੀਤੇ ਜਾਂਦੇ ਹਨ ਉਹਨਾਂ ਤੋਂ ਚਿੜ੍ਹ ਕੇ ਹਿੰਦੂਆਂ ਦੁਆਰਾ ਉਹਨਾਂ 'ਤੇ ਹਿੰਸਕ ਹਮਲੇ ਕੀਤੇ ਜਾਂਦੇ ਹਨ। ਕੁੱਟਮਾਰ ਅਤੇ ਔਰਤਾਂ ਨਾਲ ਬਲਾਤਕਾਰ ਵਰਗੀਆਂ ਘਟਨਾਵਾਂ ਆਮ ਵਾਪਰ ਜਾਂਦੀਆਂ ਹਨ। ਇੱਕ ਵਾਰ ਤਾਂ ਉੜੀਸਾ ਵਿੱਚ ਕੋਹੜ ਦੇ ਰੋਗੀਆਂ ਦਾ ਇਲਾਜ ਕਰ ਰਹੇ ਇਸਾਈ ਮਿਸ਼ਨਰੀ ਗ੍ਰਾਹਮ ਸਟੇਨਜ਼ ਨੂੰ ਉਸਦੇ ਛੋਟੇ ਛੋਟੇ ਦੋ ਬੱਚਿਆਂ ਸਮੇਤ ਇੱਕ ਵੈਨ ਵਿੱਚ ਬੈਠਿਆਂ ਨੂੰ ਹੀ ਅੱਗ ਲਗਾ ਕੇ ਸਾੜ ਦਿੱਤਾ ਗਿਆ ਸੀ। ਪੰਜਾਬ ਵਿੱਚ ਅਜਿਹੀ ਘਟਨਾ ਤਾਂ ਕਦੇ ਨਹੀਂ ਸੁਣੀ ਪਰ ਕਾਬਜ਼ ਧਿਰ ਵੱਲੋਂ ਗੁੱਸਾ ਜ਼ਰੂਰ ਕੀਤਾ ਜਾਂਦਾ ਹੈ। ਅਸਲ ਵਿੱਚ ਗੁੱਸਾ ਕਰਨ ਨਾਲ ਕੋਈ ਵਿਅਕਤੀ ਕਿਸੇ ਖਾਸ ਧਰਮ ਵਿੱਚ ਸ਼ਾਮਲ ਨਹੀਂ ਹੁੰਦਾ। ਕਿਸੇ ਨੂੰ ਆਪਣੇ ਧਰਮ ਵਿੱਚ ਸ਼ਾਮਲ ਕਰਨ ਲਈ ਉਸਦਾ ਮਨ ਜਿੱਤਣਾ ਜ਼ਰੂਰੀ ਹੁੰਦਾ ਹੈ। ਕੀ ਸਾਡੇ ਪ੍ਰਚਾਰਕ ਅਤੇ ਧਰਮਾਂ 'ਤੇ ਕਾਬਜ਼ ਲੋਕ ਇਹਨਾਂ ਗੱਲਾਂ ਵੱਲ ਧਿਆਨ ਦੇਣਗੇ ?
ਦਰਸ਼ਨ ਸਿੰਘ ਬਾਜਵਾ
(ਨੋਟ :- ਇਹ ਆਰਟੀਕਲ ਲਿਖਣ ਦਾ ਮਕਸਦ ਇਹ ਹੈ ਕਿ ਅਸੀਂ ਸਾਰੇ ਆਪਣੇ ਆਪਣੇ ਅੰਦਰ ਝਾਤ ਮਾਰ ਕੇ ਆਪਣੀਆਂ ਗਲਤੀਆਂ ਨੂੰ ਖੁੱਲ੍ਹੇ ਮਨ ਨਾਲ ਸਵਿਕਾਰ ਕਰੀਏ ਅਤੇ ਗਲਤੀਆਂ ਨੂੰ ਦੂਰ ਕਰ ਕੇ ਸਮਾਜਿਕ ਭਾਈਚਾਰੇ ਨੂੰ ਮਜ਼ਬੂਤ ਬਣਾਈਏ।)

टिप्पणियाँ
एक टिप्पणी भेजें